ਨਿੱਜੀ ਪੱਤਰ ਪ੍ਰੇਰਕ
ਖੰਨਾ, 27 ਸਤੰਬਰ
ਸ਼ਹਿਰ ਦੇ ਨੌਜਵਾਨ ਸਤਵਿੰਦਰ ਸਿੰਘ ਦੀ ਕੈਨੇਡਾ ਦੇ ਸ਼ਹਿਰ ਮਿਲਟਨ ’ਚ ਇਕ ਹਮਲਾਵਰ ਵੱਲੋਂ ਕੀਤੀ ਫਾਇਰਿੰਗ ਦੌਰਾਨ ਬੀਤੇ ਦਿਨੀਂ ਮੌਤ ਹੋ ਗਈ ਸੀ। ਸਤਵਿੰਦਰ ਸਿੰਘ ਦੀ ਦੇਹ ਇਥੋਂ ਦੇ ਉਨ੍ਹਾਂ ਦੇ ਲਲਹੇੜੀ ਰੋਡ ਸਥਿਤ ਘਰ ਪੁੱਜੀ। ਮ੍ਰਿਤਕ ਸਤਵਿੰਦਰ ਸਿੰਘ ਦਾ ਬਾਅਦ ਦੁਪਹਿਰ ਸਸਕਾਰ ਕੀਤਾ ਗਿਆ। ਇਸ ਮੌਕੇ ਸ਼ਹਿਰ ਦੇ ਵੱਖ ਵੱਖ ਸਿਆਸੀ, ਸਮਾਜਿਕ ਤੇ ਧਾਰਮਿਕ ਆਗੂਆਂ ਨੇ ਸ਼ਮੂਲੀਅਤ ਕੀਤੀ। ਮ੍ਰਿਤਕ ਨੌਜਵਾਨ ਦੇ ਪਿਤਾ ਗੁਰਮੀਤ ਸਿੰਘ ਭਮਰਾ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦੀ 18 ਸਤੰਬਰ ਨੂੰ ਮੌਤ ਹੋ ਗਈ ਸੀ ਤੇ ਉਹ ਤੁਰੰਤ ਦੁਬਈ ਤੋਂ ਕੈਨੇਡਾ ਪੁੱਜ ਗਏ ਸਨ। ਉਨ੍ਹਾਂ ਕਿਹਾ ਕਿ ਸਤਵਿੰਦਰ ਸਿੰਘ 2020 ਵਿਚ ਐਮਬੀਏ ਕਰਨ ਉਪਰੰਤ ਉਚੇਰੀ ਸਿੱਖਿਆ ਲਈ ਸਟੱਡੀ ਵੀਜ਼ਾ ਲੈ ਕੇ ਕੈਨੇਡਾ ਚਲਾ ਗਿਆ ਸੀ।