ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 26 ਅਕਤੂਬਰ
ਇੱਥੇ ਦੇ ਪਿੰਡ ਗਿੱਲ ਬਾਈਪਾਸ ਕੋਲ 18 ਅਕਤੂਬਰ ਦੀ ਸਵੇਰੇ ਖੇਤਾਂ ’ਚੋਂ ਲਾਵਾਰਿਸ ਮਿਲੇ ਸ਼ਹੀਦ ਭਗਤ ਸਿੰਘ ਵਾਸੀ ਰਛਪਾਲ ਸਿੰਘ ਦਾ ਕਤਲ ਕਰਨ ਤੋਂ ਬਾਅਦ ਲਾਸ਼ ਸੁੱਟੀ ਗਈ ਸੀ। ਇਸ ਗੱਲ ਦਾ ਖੁਲਾਸਾ ਰਛਪਾਲ ਸਿੰਘ ਦੀ ਲਾਸ਼ ਦੇ ਪੋਸਟਮਾਰਟਮ ਦੀ ਰਿਪੋਰਟ ’ਚ ਹੋਇਆ ਹੈ। ਰਿਪੋਰਟ ’ਚ ਦੱਸਿਆ ਗਿਆ ਕਿ ਰਛਪਾਲ ਦੀ ਮੌਤ ਗਲਾ ਘੁੱਟਣ ਕਾਰਨ ਹੋਈ ਹੈ। ਇਸ ਤੋਂ ਬਾਅਦ ਥਾਣਾ ਸਦਰ ਦੀ ਪੁਲੀਸ ਨੇ ਰਛਪਾਲ ਸਿੰਘ ਦੇ ਪੁੱਤਰ ਮਨਜੀਤ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਮੁਲਜ਼ਮਾਂ ਖਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਪੁਲੀਸ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣ ’ਚ ਲੱਗੀ ਹੈ ਹੋਈ ਹੈ। ਪਹਿਲਾਂ ਪੁਲੀਸ ਨੇ ਇਸ ਮਾਮਲੇ ’ਚ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਸੀ। ਏਐਸਆਈ ਸਤਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਦਿੱਤੇ ਗਏ ਬਿਆਨਾਂ ’ਚ ਮਨਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਕਈ ਸਾਲਾਂ ਤੋਂ ਆਲਮਗੀਰ ਰੋਡ ਸਥਿਤ ਅਮਰ ਪਰੈਸ਼ਰ ਫੈਕਟਰੀ ਵਿੱਚ ਚਾਹ ਬਣਾਉਣ ਦਾ ਕੰਮ ਕਰਦੇ ਸਨ। ਰੋਜ਼ ਦੀ ਤਰ੍ਹਾਂ 14 ਅਕਤੂਬਰ ਨੂੰ ਵੀ ਉਹ ਘਰ ਤੋਂ ਕੰਮ ਲਈ ਨਿਕਲੇ ਸਨ, ਪਰ ਉਸ ਤੋਂ ਬਾਅਦ ਰਾਤ ਸਮੇਂ ਘਰ ਵਾਪਸ ਨਹੀਂ ਪਰਤੇ। ਇਸ ਤੋਂ ਬਾਅਦ ਉਹ ਲੋਕ ਉਸ ਦੀ ਭਾਲ ’ਚ ਲੱਗ ਗਏ। 18 ਅਕਤੂਬਰ ਦੀ ਸਵੇਰੇ ਕੁਝ ਰਾਹਗੀਰਾਂ ਨੇ ਗਿੱਲ ਬਾਈਪਾਸ ਕੋਲ ਖੇਤਾਂ ’ਚ ਉਨ੍ਹਾਂ ਦੀ ਲਾਸ਼ ਦੇਖੀ ਤੇ ਪੁਲੀਸ ਨੂੰ ਸੂਚਨਾ ਦਿੱਤੀ। ਪੜਤਾਲ ਦੌਰਾਨ ਉਹ ਲਾਸ਼ ਉਸ ਦੇ ਪਿਤਾ ਦੀ ਨਿਕਲੀ। ਸਰੀਰ ’ਤੇ ਕਿਸੇ ਪ੍ਰਕਾਰ ਦਾ ਕੋਈ ਸੱਟ ਦਾ ਨਿਸ਼ਾਨ ਨਹੀਂ ਸੀ।
ਇਸ ਨਾਲ ਪੁਲੀਸ ਨੂੰ ਇਹ ਕੁਦਰਤੀ ਮੌਤ ਲੱਗੀ। ਜਿਸ ਕਾਰਨ ਪੁਲੀਸ ਨੇ 174 ਤਹਿਤ ਕਾਰਵਾਈ ਕਰਕੇ ਲਾਸ਼ ਨੂੰ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤਾ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗਿਆ ਕਿ ਰਛਪਾਲ ਸਿੰਘ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਹੈ। ਸਤਵਿੰਦਰ ਸਿੰਘ ਨੇ ਕਿਹਾ ਕਿ ਕੇਸ ਦਰਜ ਕਰਨ ਮਗਰੋਂ ਪੁਲੀਸ ਨੇ ਕਾਤਲਾਂ ਦੀ ਭਾਲ ਸ਼ੂਰੂ ਕਰ ਦਿੱਤੀ ਹੈ। ਇਸ ਸਬੰਧੀ ਕਈ ਥਾਈਂ ਛਾਪੇ ਵੀ ਮਾਰੇ ਗਏ ਹਨ।