ਸਤਵਿੰਦਰ ਬਸਰਾ
ਲੁਧਿਆਣਾ, 16 ਅਗਸਤ
ਸਨਅਤੀ ਸ਼ਹਿਰ ਲੁਧਿਆਣਾ ਵਿੱਚ ਅੱਜ ਦੇਸੀ ਮਹੀਨੇ ਭਾਦੋਂ ਦੀ ਸ਼ੁਰੂਆਤ ਸਾਉਣ ਮਹੀਨੇ ਦੀ ਤਰ੍ਹਾਂ ਮੀਂਹ ਨਾਲ ਹੋਈ। ਅੱਜ ਸਵੇਰੇ ਪਏ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਕੁੱਝ ਰਾਹਤ ਦਿੱਤੀ। ਸ਼ਹਿਰ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਐਤਵਾਰ ਨੂੰ ਸਾਰਾ ਦਿਨ ਬੱਦਲਵਾਈ ਬਣੀ ਰਹੀ। ਸਾਉਣ ਮਹੀਨੇ ਵਿੱਚ ਲੁਧਿਆਣਾ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਔਸਤਨ ਮੀਂਹ ਪਏ ਹਨ।
ਅੱਜ ਜਿਉਂ ਹੀ ਭਾਦੋਂ ਦਾ ਦੇਸੀ ਮਹੀਨਾ ਸ਼ੁਰੂ ਹੋਇਆ ਅਕਾਸ਼ ਵਿੱਚ ਸੰਘਣ ਬੱਦਲਵਾਈ ਹੋਣ ਮਗਰੋਂ ਮੀਂਹ ਪੈਣਾ ਸ਼ੁਰੂ ਹੋ ਗਿਆ। ਆਮ ਤੌਰ ’ਤੇ ਛਰਾਟਿਆਂ ਵਾਲੇ ਮੀਂਹ ਨਾਲ ਮਸ਼ਹੂਰ ਇਸ ਮਹੀਨੇ ਦੇ ਪਹਿਲੇ ਦਿਨ ਹੀ ਸਵੇਰੇ ਕਰੀਬ 6 ਕੁ ਵਜੇ ਸ਼ੁਰੂ ਹੋਇਆ। ਇਹ ਮੀਂਹ ਅੱਠ ਕੁ ਵਜੇ ਤੱਕ ਜਾਰੀ ਰਿਹਾ ਹੈ। ਇਸ ਤੋਂ ਬਾਅਦ ਸੂਰਜ ਬੱਦਲਾਂ ਨਾਲ ਅੱਖ-ਮਚੋਲੀ ਕਰਦਾ ਰਿਹਾ, ਪਰ ਲੰਬਾ ਸਮਾਂ ਆਕਾਸ਼ ਵਿੱਚ ਬੱਦਲਵਾਈ ਛਾਈ ਰਹੀ। ਭਾਦੋਂ ਦੇ ਪਹਿਲੇ ਮੀਂਹ ਨੇ ਸਾਉਣ ਮਹੀਨਾ ਹੋਣ ਦਾ ਭੁਲੇਖਾ ਪਾਈ ਰੱਖਿਆ।
ਇਸ ਮੀਂਹ ਨਾਲ ਭਾਵੇਂ ਗਰਮੀ ਤੋਂ ਕੁੱਝ ਰਾਹਤ ਮਿਲੀ, ਪਰ ਨੀਵੀਆਂ ਗਲੀਆਂ ਵਿੱਚ ਚਿੱਕੜ ਹੋਣ ਕਾਰਨ ਰਾਹਗੀਰਾਂ ਦੀ ਪ੍ਰੇਸ਼ਾਨੀ ਬਣੀ ਰਹੀ। ਸੜਕਾਂ ’ਤੇ ਬਣੇ ਟੋਇਆਂ ਵਿੱਚ ਵੀ ਪਾਣੀ ਭਰ ਗਿਆ। ਦੂਜੇ ਪਾਸੇ ਕਰੋਨਾ ਦੇ ਫੈਲਾਅ ਨੂੰ ਰੋਕਣ ਲਈ ਭਾਵੇਂ ਦੁਕਾਨਾਂ ਬੰਦ ਰੱਖਣ ਦੇ ਹੁਕਮ ਹਨ, ਪਰ ਸੜਕਾਂ ’ਤੇ ਵਾਹਨਾਂ ਅਤੇ ਪੈਦਲ ਰਾਹਗੀਰਾਂ ਦੀ ਆਵਾਜਾਈ ਵਿੱਚ ਕੋਈ ਬਹੁਤੀ ਕਮੀ ਵੇਖਣ ਨੂੰ ਨਹੀਂ ਮਿਲੀ। ਸ਼ਹਿਰ ਦੀਆਂ ਸੜਕਾਂ ’ਤੇ ਲੋਕ ਟੋਲੇ ਬਣਾ ਕੇ ਖੜ੍ਹੇ ਹੋ ਕੇ ਸੁਹਾਵਣੇ ਮੌਸਮ ਦਾ ਆਨੰਦ ਮਾਣਦੇ ਵੇਖੇ ਗਏ। ਜੇਕਰ ਪੀਏਯੂ ਦੇ ਮੌਸਮ ਵਿਭਾਗ ਦੇ ਮਾਹਿਰਾਂ ਦੀ ਮੰਨੀਏ ਤਾਂ ਅੱਜ ਦੁਪਹਿਰ ਸਮੇਂ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਘੱਟੋ-ਘੱਟ ਤਾਪਮਾਨ 27.6 ਅਤੇ ਵੱਧ ਤੋਂ ਵੱਧ 33.5 ਡਿਗਰੀ ਸੈਲਸੀਅਸ ਤੱਕ ਰਿਹਾ।