ਪੱਤਰ ਪ੍ਰੇਰਕ
ਸਮਰਾਲਾ, 4 ਸਤੰਬਰ
ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਵੱਲੋਂ ਸਥਾਨਕ ਮਾਰਕੀਟ ਕਮੇਟੀ ਕੰਪਲੈਕਸ ’ਚ ਬੂਟੇ ਲਗਾਉਂਦੇ ਹੋਏ ਇਲਾਕੇ ਵਿੱਚ ਹਰਿਆਵਲ ਲਹਿਰ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਨੇ ਹਲਕੇ ਦੀਆਂ ਸਮੂਹ ਪੰਚਾਇਤਾਂ, ਖੇਡ ਕਲੱਬਾਂ ਅਤੇ ਸੰਸਥਾਵਾਂ ਨੂੰ ਸੱਦਾ ਦਿੱਤਾ ਕਿ ਉਹ ਵੀ ਵਾਤਾਵਰਨ ਨੂੰ ਬਚਾਉਣ ਲਈ ਆਰੰਭੀ ਗਈ, ਇਸ ਮੁਹਿੰਮ ਦਾ ਹਿੱਸਾ ਬਣ ਕੇ ਵੱਧ ਤੋਂ ਵੱਧ ਬੂਟੇ ਲਗਾਉਣ ਵਿੱਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਵਿਧਾਇਕ ਢਿੱਲੋਂ ਨੇ ਕਿਹਾ ਕਿ ਅੱਜ ਜਿਸ ਤੇਜ਼ੀ ਨਾਲ ਪੁਰਾਣੇ ਜੰਗਲ ਮੁਕਦੇ ਜਾ ਰਹੇ ਹਨ, ਉਸ ਨਾਲ ਛੇਤੀ ਹੀ ਨੇੜਲੇ ਭਵਿੱਖ ’ਚ ਧਰਤੀ ’ਤੇ ਮਨੁੱਖ ਸਮੇਤ ਸਾਰੇ ਹੀ ਜੀਵ-ਜੰਤੂਆਂ ਦਾ ਜੀਵਨ ਤੇ ਉਨ੍ਹਾਂ ਦੀ ਹੋਂਦ ਵੀ ਖਤਰੇ ਵਿੱਚ ਪੈ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਅਤੇ ਕੌਂਸਲਰ ਸਨੀ ਦੂਆ, ਮਾਰਕੀਟ ਕਮੇਟੀ ਸੈਕਟਰੀ ਕੁਲਦੀਪ ਸਿੰਘ, ਨਰਿੰਦਰਜੀਤ ਸਿੰਘ ਪਵਾਤ, ਸਿੰਮਾ ਢਿੱਲੋਂ, ਲਾਡੀ ਉਟਾਲਾਂ ਅਤੇ ਫੂਲ ਚੰਦ ਆਦਿ ਵੀ ਹਾਜ਼ਰ ਸਨ।
ਇਸ ਸਮਾਗਮ ਦੌਰਾਨ ਮਾਰਕੀਟ ਕਮੇਟੀ ਸਮਰਾਲਾ ਦੇ ਚੇਅਰਮੈਨ ਸੁਖਬੀਰ ਸਿੰਘ ਪੱਪੀ ਨੇ ਕਿਹਾ ਕਿ ਕੁਦਰਤ ਨੇ ਮਨੱੁਖ ਨੂੰ ਜੀਵਨ ਨਿਰਵਾਹ ਲਈ ਬਨਸਪਤੀ ਦੇ ਰੂਪ ’ਚ ਇੱਕ ਅਨਮੋਲ ਖਜ਼ਾਨਾ ਦਿੱਤਾ ਹੈ ਪਰ ਅੱਜ ਅਸੀ ਇਸ ਅਨਮੋਲ ਖ਼ਜ਼ਾਨੇ ਨੂੰ ਖਤਮ ਕਰਕੇ ਆਪਣੇ ਜੀਵਨ ਨੂੰ ਵੀ ਖਤਰੇ ਵਿੱਚ ਪਾ ਲਿਆ ਹੈ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ, ਕਿ ਸਮਾਜ ਅੰਦਰ ਇਕ ਨਵੀਂ ਚੇਤਨਾ ਪੈਦਾ ਕਰਕੇ ਵੱਡੇ ਪੱਧਰ ’ਤੇ ‘ਰੁੱਖ ਲਗਾਓ-ਰੁੱਖ ਬਚਾਓ’ ਲਹਿਰ ਆਰੰਭੀ ਜਾਵੇ ਤਾਂ ਜੋ ਖਤਮ ਹੋ ਰਹੇ ਜੰਗਲਾਂ ਦੀ ਹੋਂਦ ਨੂੰ ਬਚਾਉਣ ਸਮੇਤ ਨਵੇਂ ਜੰਗਲ ਵੀ ਤਿਆਰ ਕੀਤੇ ਜਾ ਸਕਣ।