ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 15 ਫਰਵਰੀ
ਹਲਕਾ ਆਤਮ ਨਗਰ ਵਿੱਚ ਇਸ ਵੇਲੇ ਪੰਜ ਉਮੀਦਵਾਰਾਂ ਵਿੱਚ ਫੱਸਵਾ ਮੁਕਾਬਲਾ ਹੈ। ਇਸ ਮੁਕਾਬਲੇ ਦੌਰਾਨ ਹੀ ਅੱਜ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਨੇ ਹਲਕੇ ਦੇ ਲਈ ਆਪਣੀ ਵਿਜ਼ਨ ਪੱਤਰ ਜਾਰੀ ਕੀਤਾ। ਇਸ ਦੌਰਾਨ ਵਕੀਲ ਹਰੀਸ਼ ਰਾਏ ਢਾਂਡਾ ਨੇ ਦੋਸ਼ ਲਾਏ ਕਿ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਕਾਂਗਰਸੀ ਉਮੀਦਵਾਰ ਕਮਲਜੀਤ ਸਿੰਘ ਕੜਵਲ ਦੀ ਆਪਸੀ ਲੜਾਈ ਕਰਕੇ ਹਲਕਾ ਆਤਮ ਨਗਰ ਪੂਰੇ ਸੂਬੇ ਵਿੱਚ ਬਦਨਾਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਦੋਵੇਂ ਜਿੱਥੇ ਵੀ ਮਿਲਦੇ ਹਨ ਤਾਂ ਲੜਨਾ ਸ਼ੁਰੂ ਕਰ ਦਿੰਦੇ ਹਨ ਅਤੇ ਹਲਕੇ ਵਿੱਚ ਇਸ ਸਮੇਂ ਕਥਿਤ ਬਾਹੂਬਲੀਆਂ ਦਾ ਰਾਜ ਚੱਲ ਰਿਹਾ ਹੈ।
ਹਰੀਸ਼ ਰਾਏ ਢਾਂਡਾ ਨੇ ਆਪਣਾ ਵਿਜ਼ਨ 2022 ਹਲਕੇ ਦੇ ਲੋਕਾਂ ਸਾਹਮਣੇ ਰੱਖਦਿਆਂ ਕਿਹਾ ਕਿ ਜੇਕਰ ਉਹ ਜਿੱਤ ਜਾਂਦੇ ਹਨ ਤਾਂ ਉਹ ਇਸ ਹਲਕੇ ਵਿੱਚ ਲੋਹਾ ਸ਼ੇਪਿੰਗ ਕਲਸਟਰ ਬਣਵਾਉਣਗੇ। ਉਨ੍ਹਾਂ ਦੱਸਿਆ ਕਿ ਇਸ ਹਲਕੇ ਵਿੱਚ ਜ਼ਿਆਦਾਤਰ ਲੋਕ ਦੀ ਲੋਹੇ ਨਾਲ ਸਬੰਧਤ ਸਨਅਤਾਂ ਹਨ, ਇਸ ਹਲਕੇ ਵਿੱਚ ਹੀ ਛੋਟੇ ਛੋਟੇ ਮਸ਼ੀਨ ਦੇ ਨੱਟ ਤੋਂ ਲੈਕੇ ਸਾਈਕਲ ਤੱਕ ਬਣਦੇ ਹਨ। ਉਹ ਆਪਣੇ ਹਲਕੇ ਦੇ ਲੋਕਾਂ ਨੇ ਲਈ ਕਲੱਸਟਰ ਬਣਾਉਣਗੇ। ਉਨ੍ਹਾਂ ਦੱਸਿਆ ਕਿ ਜੇਕਰ ਇਹ ਕਲੱਸਟਰ ਬਣ ਜਾਂਦਾ ਹੈ ਤਾਂ ਫੈਕਟਰੀਆਂ ਨੂੰ ਬਿਜਲੀ ’ਤੇ 15 ਫੀਸਦੀ ਸਬਸਿਡੀ ਮਿਲੇਗੀ, ਨਵੀ ਮਸ਼ੀਨਰੀ ’ਤੇ ਸਰਕਾਰ ਸਬਸਿਡੀ ਦੇਵੇਗੀ, ਬੈਂਕ ਲੋਨ ਆਸਾਨੀ ਨਾਲ ਮਿਲਣਗੇ। ਇਸ ਦੇ ਨਾਲ ਹੀ ਜੋ ਵੀ ਸੜਕਾਂ, ਸੀਵਰੇਜ ਤੇ ਹੋਰ ਵਿਕਾਸ ਕਾਰਜ਼ਾਂ ਦੇ ਕੰਮ ਹੋਣਗੇ, ਉਸ ਵਿੱਚ 50 ਫੀਸਦੀ ਕੇਂਦਰ ਸਰਕਾਰ ਆਪਣਾ ਸ਼ੇਅਰ ਪਾਏਗੀ।
ਉਨ੍ਹਾਂ ਕਿਹਾ ਕਿ ਟਰੈਫਿਕ ਜਾਮ ਤੋਂ ਰਾਹਤ ਲਈ ਗਿੱਲ ਰੋਡ ’ਤੇ ਐਲੀਵੇਟਡ ਪੁਲ ਬਣਾਇਆ ਜਾਏਗਾ। ਢਾਂਡਾ ਨੇ ਇਹ ਵੀ ਕਿਹਾ ਕਿ ਇਸ ਹਲਕੇ ਵਿੱਚ ਕੋਈ ਵੀ ਵੱਡਾ ਸਰਕਾਰੀ ਹਸਪਤਾਲ ਤੇ ਕਾਲਜ ਨਹੀਂ ਹੈ, ਜਿਸ ਕਰਕੇ ਲਈ ਉਨ੍ਹਾਂ ਨੇ ਐਸਜੀਪੀਸੀ ਤੋਂ ਇੱਥੇਂ ਕਾਲਜ ਬਣਾਉਣ ਦੀ ਮਨਜ਼ੂਰੀ ਲੈ ਵੀ ਲਈ ਹੈ। ਉਨ੍ਹਾਂ ਕਿਹਾ ਕਿ ਹਲਕੇ ਦੀ ਸਭ ਤੋਂ ਵੱਡੀ ਸਮੱਸਿਆ ਚਿੱਟਾ ਵੀ ਹੈ ਪਰ ਇੱਥੋਂ ਦੋ ਵਾਰ ਦੇ ਵਿਧਾਇਕ ਬਣੇ ਸ੍ਰੀ ਬੈਂਸ ਨੇ ਵਿਧਾਨ ਸਭਾ ਵਿੱਚ ਕਦੇ ਵੀ ਇਹ ਮੁੱਦਾ ਨਹੀਂ ਚੁੱਕਿਆ। ਉਨ੍ਹਾਂ ਕਿਹਾ ਕਿ ‘ਆਪ’ ਦੇ ਉਮੀਦਵਾਰ ’ਤੇ ਤਾਂ ਕੋਠੀਆਂ ’ਤੇ ਕਬਜ਼ੇ ਕਰਨ ਦੇ ਦੋਸ਼ ਹਨ।
ਵਿਰੋਧੀ ਪਾਰਟੀਆਂ ਨੂੰ ਮੂੰਹ ਨਹੀਂ ਲਾਉਣਗੇ ਲੋਕ: ਚੀਮਾ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਹਲਕਾ ਦੱਖਣੀ ਦੇ ਇਲਾਕੇ ਗਿਆਸਪੁਰਾ ਵਿੱਚ ਕਾਂਗਰਸ ਪਾਰਟੀ ਨੂੰ ਉਸ ਵਕਤ ਤਕੜਾ ਹੁੰਗਾਰਾ ਮਿਲਿਆ ਜਦੋਂ ਵੱਖ ਵੱਖ ਪਾਰਟੀਆਂ ਨਾਲ ਸਬੰਧਤ ਕਈ ਪਰਿਵਾਰਾਂ ਨੇ ਕਾਂਗਰਸ ਵਿੱਚ ਸ਼ਾਮਲ ਹੋ ਕੇ ਈਸ਼ਵਰਜੋਤ ਸਿੰਘ ਚੀਮਾ ਦੇ ਹੱਕ ’ਚ ਡੱਟਣ ਦਾ ਐਲਾਨ ਕੀਤਾ। ਚੀਮਾ ਨੇ ਕਿਹਾ ਕਿ ਹਲਕੇ ਦੇ ਵੋਟਰ ਕਾਂਗਰਸ ਤੋਂ ਬਿਨਾਂ ਹੋਰ ਕਿਸੇ ਪਾਰਟੀ ਨੂੰ ਮੂੰਹ ਨਹੀਂ ਲਗਾਉਣਗੇ ਕਿਉਂਕਿ ਰਾਜਨੀਤਿਕ ਪਾਰਟੀ ਦੇ ਉਮੀਦਵਾਰਾਂ ਵੱਲੋਂ ਲੋਕਾਂ ਨਾਲ ਝੂਠੇ ਵਾਅਦੇ ਤੇ ਲਾਰੇ ਲਾ ਕੇ ਭਰਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਲੋੋਕ ਮੌਜੂਦਾ ਹਲਕਾ ਵਿਧਾਇਕ ਦੀ ਮਾੜੀ ਕਾਰਗੁਜ਼ਾਰੀ ਤੋਂ ਸੁਚੇਤ ਹੋ ਚੁੱਕੇ ਹਨ।