ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 13 ਜਨਵਰੀ
ਕਿਸਾਨ ਅੰਦੋਲਨ ਦੌਰਾਨ ਸਿਆਸੀ ਆਗੂਆਂ ਨੂੰ ਸਵਾਲ ਕਰਨ ਦਾ ਲਾਇਆ ਜਾਗ ਅੱਜ ਇਥੇ ਰੇਲਵੇ ਰੋਡ ’ਤੇ ਦੇਖਣ ਨੂੰ ਮਿਲਿਆ ਜਿਸ ਨੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੀ ਉਪ ਨੇਤਾ ਤੇ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਲਈ ਕਸੂਤੀ ਸਥਿਤੀ ਪੈਦਾ ਕਰ ਦਿੱਤੀ। ਅਸਲ ’ਚ ਆਮ ਆਦਮੀ ਪਾਰਟੀ ਵੱਲੋਂ ਦੁਬਾਰਾ ਰਾਖਵੇਂ ਹਲਕਾ ਜਗਰਾਉਂ ਤੋਂ ਉਮੀਦਵਾਰ ਐਲਾਨੀ ਬੀਬੀ ਮਾਣੂੰਕੇ ਨੇ ਕਈ ਦਿਨਾਂ ਤੋਂ ‘ਡੋਰ-ਟੂ-ਡੋਰ’ ਮੁਹਿੰਮ ਵਿੱਢੀ ਹੋਈ ਹੈ। ਇਸੇ ਮੁਹਿੰਮ ਤਹਿਤ ਉਹ ਤਿੰਨ ਚਾਰ ਹਮਾਇਤੀਆਂ ਨਾਲ ਜਦੋਂ ਲਿੰਕ ਰੋਡ ਤੋਂ ਹੋ ਕੇ ਰੇਲਵੇ ਰੋਡ ਵੱਲ ਮੋੜ ’ਤੇ ਰੇਲਵੇ ਸਟੇਸ਼ਨ ਦੇ ਐਨ ਸਾਹਮਣੇ ਸਥਿਤ ਇਸ ਦੁਕਾਨ ’ਤੇ ਪਹੁੰਚੇ ਤਾਂ ਦੁਕਾਨਦਾਰ ਨੇ ਗੱਲੀਂਬਾਤੀਂ ਉਨ੍ਹਾਂ ਨੂੰ ਪਹਿਲਾਂ ਕਦੇ ਨਾ ਆਉਣ ਦਾ ਉਲਾਂਭਾ ਦਿੱਤਾ। ਉਸ ਨੇ ਇਹ ਵੀ ਕਿਹਾ ਕਿ ਪਿਛਲੀਆਂ ਚੋਣਾਂ ’ਚ ਹਮਾਇਤ ਕਰਨ ਦੇ ਬਾਵਜੂਦ ਬੀਬੀ ਮਾਣੂੰਕੇ ਨੇ ਕਦੇ ‘ਦਰਸ਼ਨ’ ਨਹੀਂ ਦਿੱਤੇ। ਦੁਕਾਨ ’ਤੇ ਮੌਜੂਦ ਹਲਕੇ ਦੇ ਪਿੰਡ ਡੱਲਾ ਤੇ ਮੱਲ੍ਹਾ ਦੇ ਨੌਜਵਾਨਾਂ ਨੇ ਵੀ ਬੀਬੀ ਮਾਣੂੰਕੇ ਨੂੰ ਇਹੋ ਉਲਾਂਭਾ ਦੇਣਾ ਸ਼ੁਰੂ ਕਰ ਦਿੱਤਾ ਅਤੇ ਸਵਾਲ ਕਰਨ ਲੱਗੇ। ਉਨ੍ਹਾਂ ਬੀਬੀ ਮਾਣੂਕੇ ਨੂੰ ਉਲਾਭਾਂ ਦਿੱਤਾ ਜਿੱਤਣ ਦੇ ਬਾਵਜੂਦ ਉਨ੍ਹਾਂ ਇਲਾਕੇ ਲਈ ਕੁਝ ਨਹੀਂ ਕੀਤਾ ਅਤੇ ਨਾ ਹੀ ਕਦੇ ਉਨ੍ਹਾਂ ਦੀ ਸਾਰ ਲਈ। ਉਨ੍ਹਾਂ ਨੌਜਵਾਨਾਂ ਨੇ ਇਨ੍ਹਾਂ ਪਿੰਡਾਂ ’ਚ ਆਉਣ ’ਤੇ ਵਿਰੋਧ ਕਰਨ ਦੀ ਗੱਲ ਵੀ ਆਖੀ। ਗੱਲ ਵਧ ਕੇ ਬਹਿਸ ’ਚ ਬਦਲ ਗਈ। ਸੰਪਰਕ ਕਰਨ ’ਤੇ ਦੁਕਾਨਦਾਰ ਨੇ ਕਿਹਾ ਕਿ ਦੋ ਗਾਹਕਾਂ ਦੀ ਬੀਬੀ ਮਾਣੂੰਕੇ ਨਾਲ ਬਹਿਸ ਹੋਈ ਸੀ। ਉਧਰ ਸੰਪਰਕ ਕਰਨ ’ਤੇ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਹਾਸੇ ਮਜ਼ਾਕ ’ਚ ਗੱਲਾਂ ਹੋਈਆਂ।