ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 31 ਅਗਸਤ
ਥਾਣਾ ਸਦਰ ਦੇ ਇਲਾਕੇ ਪਿੰਡ ਦਾਦ ਨੇੜੇ ਇੱਕ ਹੋਟਲ ਦਾ ਸਹਾਇਕ ਮੈਨੇਜਰ ਨਕਦੀ ਚੋਰੀ ਕਰਕੇ ਫਰਾਰ ਹੋ ਗਿਆ ਹੈ। ਪੱਖੋਵਾਲ ਰੋਡ ਸਥਿਤ ਹੋਟਲ ਆਗਾਜ਼ ਦੇ ਜਨਰਲ ਮੈਨੇਜਰ ਮਸੂਦ ਖਾਨ ਨੇ ਦੱਸਿਆ ਕਿ ਹੋਟਲ ਦਾ ਸਹਾਇਕ ਮੈਨੇਜਰ ਵਿਕਰਾਂਤ ਸਿੰਘ ਵਾਸੀ ਲਖਨਊ ਤੜਕੇ ਹੀ ਬਿਨਾਂ ਦੱਸੇ ਕਿਧਰੇ ਚਲਾ ਗਿਆ। ਸੀਸੀਟੀਵੀ ਫੁਟੇਜ ਤੋਂ ਪਤਾ ਲੱਗਿਆ ਕਿ ਉਹ ਹੋਟਲ ਦੇ ਦਰਾਜ ਵਿੱਚੋਂ 99 ਹਜ਼ਾਰ 726 ਰੁਪਏ ਰੁਪਏ ਚੋਰੀ ਕਰਕੇ ਨਾਲ ਲੈ ਗਿਆ ਹੈ। ਹੌਲਦਾਰ ਪਰਮਿੰਦਰ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਵੱਲੋਂ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।