ਗਗਨਦੀਪ ਅਰੋੜਾ
ਲੁਧਿਆਣਾ, 3 ਨਵੰਬਰ
ਇੱਥੇ ਟਿੱਬਾ ਰੋਡ ਨਿਊ ਸੁਭਾਸ਼ ਨਗਰ ਦੀ ਗਰੇਵਾਲ ਕਲੋਨੀ ਵਿੱਚ ਰਹਿਣ ਵਾਲੇ ਸ਼ਿਵ ਸੈਨਾ ਪੰਜਾਬ ਦੇ ਆਗੂ ਅਸ਼ਵਨੀ ਚੋਪੜਾ ’ਤੇ ਗੋਲੀ ਚਲਾਉਣ ਮਗਰੋਂ ਮੁਲਜ਼ਮ ਸਾਈਕਲ ’ਤੇ ਫ਼ਰਾਰ ਹੋ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਮੁਲਜ਼ਮ ਸਾਈਕਲ ’ਤੇ ਫ਼ਰਾਰ ਹੋ ਗਏ ਤੇ ਸ਼ਿਵ ਸੈਨਾ ਆਗੂ ਐਕਟਿਵਾ ਸਕੂਟਰ ’ਤੇ ਵੀ ਮੁਲਜ਼ਮਾਂ ਦਾ ਪਿੱਛਾ ਨਹੀਂ ਕਰ ਸਕੇ। ਗੋਲੀ ਚੱਲਣ ਤੋਂ ਬਾਅਦ ਉਹ ਘਰ ਵਾਪਸ ਪਰਤੇ ਤੇ ਉਨ੍ਹਾਂ ਨੇ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਦੇ ਉਚ ਅਧਿਕਾਰੀ ਤੇ ਥਾਣਾ ਟਿੱਬਾ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਇਸ ਦੌਰਾਨ ਪੁਲੀਸ ਨੇ ਨੇੜਲੇ ਘਰਾਂ ਦੇ ਸੀਸੀਟੀਵੀ ਕੈਮਰੇ ਖੰਘਾਲੇ। ਪੁਲੀਸ ਨੇ ਅਣਪਛਾਤੇ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕਰ ਲਿਆ। ਪੁਲੀਸ ਘਟਨਾ ਦੀ ਜਾਂਚ ਵਿੱਚ ਜੁਟ ਗਈ ਹੈ।
ਸ਼ਿਵ ਸੈਨਾ ਪੰਜਾਬ ਦੇ ਆਗੂ ਅਸ਼ਵਨੀ ਚੋਪੜਾ ਨੇ ਦੱਸਿਆ ਕਿ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਘਰ ਚੋਰੀ ਹੋਈ ਸੀ। ਉਸ ਮਗਰੋਂ ਦੇਰ ਰਾਤ ਕਰੀਬ 1 ਵਜੇ ਦੇ ਕਰੀਬ ਸਾਈਕਲ ਸਵਾਰ ਮੁਲਜ਼ਮ ਉਨ੍ਹਾਂ ਦੇ ਘਰ ਦੇ ਨੇੜੇ ਚੱਕਰ ਲਾ ਕੇ ਰੇਕੀ ਕਰਦੇ ਰਹੇ। ਇਸ ਬਾਰੇ ਉਨ੍ਹਾਂ ਨੂੰ ਪਤਾ ਨਹੀਂ ਸੀ। ਪਰ ਇਲਾਕੇ ਦੇ ਨੌਜਵਾਨਾਂ ਨੇ ਦੇਖਿਆ ਤਾਂ ਉਨ੍ਹਾਂ ਅਸ਼ਵਨੀ ਚੋਪੜਾ ਨੂੰ ਫੋਨ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਦੇਰ ਰਾਤ ਕਰੀਬ ਢਾਈ ਕੁ ਵਜੇ ਨੀਂਦ ਵਿੱਚੋਂ ਜਾਗੇ ਅਸ਼ਵਨੀ ਚੋਪੜਾ ਨੇ ਆਪਣੇ ਭਰਾ ਨੂੰ ਉਠਾਇਆ ਤੇ ਬਾਹਰ ਆਏ। ਉਹ ਦੋਵੇਂ ਭਰਾ ਇਲਾਕੇ ਦੇ 2 ਨੌਜਵਾਨਾਂ ਨੂੰ ਨਾਲ ਲੈ ਕੇ ਮੁਲਜ਼ਮਾਂ ਦਾ ਪਿੱਛਾ ਕਰਨ ਲੱਗੇ। ਇੱਕ ਮੁਲਜ਼ਮ ਨੂੰ ਤਾਂ ਉਨ੍ਹਾਂ ਕਾਬੂ ਕਰ ਲਿਆ। ਜਿਸ ਨਾਲ ਉਨ੍ਹਾਂ ਦੀ ਹੱਥੋਪਾਈ ਵੀ ਹੋਈ। ਇਸੇ ਦੌਰਾਨ ਇੱਕ ਨੌਜਵਾਨ ਨੇ ਆਪਣੇ ਕੋਲ ਰੱਖੀ ਪਿਸਤੌਲ ਕੱਢੀ ਅਤੇ ਸਾਰਿਆਂ ’ਤੇ ਤਾਣ ਕੇ ਗੋਲੀ ਚਲਾਉਣ ਦੀ ਧਮਕੀ ਦਿੱਤੀ। ਇਸ ਤੋਂ ਬਾਅਦ ਕਾਬੂ ਮੁਲਜ਼ਮ ਹੱਥ ਛੁਡਵਾ ਕੇ ਫ਼ਰਾਰ ਹੋ ਗਿਆ। ਅਸ਼ਵਨੀ ਚੋਪੜਾ ਨੇ ਦੋਸ਼ ਲਾਇਆ ਕਿ ਜਦੋਂ ਉਹ ਦੁਬਾਰਾ ਪਿੱਛਾ ਕਰਨ ਲੱਗੇ ਤਾਂ ਮੁਲਜ਼ਮ ਨੇ ਸਿੱਧਾ ਉਨ੍ਹਾਂ ਵੱਲ ਪਿਸਤੌਲ ਕਰਕੇ ਗੋਲੀ ਚਲਾ ਦਿੱਤੀ, ਜੋ ਉਨ੍ਹਾਂ ਕੋਲੋਂ ਲੰਘ ਗਈ ਤੇ ਉਹ ਵਾਲ-ਵਾਲ ਬਚ ਗਿਆ। ਇਸੇ ਦੌਰਾਨ ਉਹ ਐਕਟਿਵਾ ਪਿੱਛੇ ਮੋੜ ਕੇ ਲੈ ਗਏ ਤਾਂ ਮੁਲਜ਼ਮ ਫ਼ਰਾਰ ਹੋਣ ’ਚ ਕਾਮਯਾਬ ਹੋ ਗਏ।
ਸਿੱਧੀ ਨਹੀਂ ਬਲਕਿ ਮੁਲਜ਼ਮਾਂ ਨੇ ਹਵਾ ਵਿੱਚ ਚਲਾਈ ਗੋਲੀ
ਏਸੀਪੀ ਗੁਰਦੇਵ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੇ ਗੋਲੀ ਅਸ਼ਵਨੀ ਚੋਪੜਾ ਵੱਲ ਸਿੱਧੀ ਨਹੀਂ ਬਲਕਿ ਹਵਾ ’ਚ ਚਲਾਈ ਹੈ। ਸੀਸੀਟੀਵੀ ਕੈਮਰੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਹਮਲਾਵਾਰਾਂ ਦਾ ਪਤਾ ਲਾਇਆ ਜਾ ਰਿਹਾ ਹੈ ਕਿ ਉਹ ਕੌਣ ਹਨ। ਅਣਪਛਾਤੇ ਮੁਲਜ਼ਮਾਂ ਦੇ ਖਿਲਾਫ਼ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਜਲਦੀ ਹੀ ਮੁਲਜ਼ਮਾਂ ਦਾ ਪਤਾ ਲਾ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।