ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 20 ਅਗਸਤ
ਧਾਮ ਤਲਵੰਡੀ ਖੁਰਦ ਵਿੱਚ ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਦੀ 38ਵੀਂ ਬਰਸੀ ਨੂੰ ਸਮਰਪਿਤ ਚੱਲ ਰਹੇ ਚਾਰ ਰੋਜ਼ਾ ਸਾਲਾਨਾ ਸਮਾਗਮ ਅੱਜ ਸਮਾਪਤ ਹੋ ਗਏ। ਗਰੀਬਦਾਸੀ ਆਸ਼ਰਮ ਭੂਰੀ ਵਾਲੇ ਧਾਮ ਤਲਵੰਡੀ ਖੁਰਦ ਵਿਖੇ ਸਵਾਮੀ ਸ਼ੰਕਰਾ ਨੰਦ ਵਾਲਿਆਂ ਦੀ ਸਰਪ੍ਰਸਤੀ ਹੇਠ ਚੌਥੇ ਦਿਨ ਸਰਬ ਧਰਮ ਸੰਮੇਲਨ ਰੈਣ ਸੂਬਾਈ ਕੀਰਤਨ ਦਰਬਾਰ ’ਚ ਸ਼ਾਮਲ ਹੋਣ ਲਈ ਸਵੇਰ ਤੋਂ ਹੀ ਵੱਡੀ ਗਿਣਤੀ ’ਚ ਸੰਗਤਾਂ ਪੁੱਜੀਆਂ। ਜਗਤਗੁਰੂ ਬਾਬਾ ਗਰੀਬਦਾਸ ਮਹਾਰਾਜ ਦੀ ਗੁਰਬਾਣੀ ਦੇ 14ਵੀਂ ਲੜੀ ਦੇ ਸ੍ਰੀ ਅਖੰਡ ਪਾਠਾਂ ਨੂੰ ਮੱਧ ਦੇ ਭੋਗ ਲਗਾਉਣ ਉਪਰੰਤ ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਵੱਲੋਂ ਸਾਧੂ ਮੱਤ ਅਨੁਸਾਰ ਵੱਖ-ਵੱਖ ਕੋਨਿਆਂ ਤੋਂ ਪਹੁੰਚੇ ਸਾਧੂ, ਮਹਾਤਮਾ, ਸਾਧਵੀਆਂ ਨੂੰ ਭੋਜਨ ਛਕਾ ਕੇ ਪੂਜਾ ਵਜੋਂ ਮਾਇਆ ਵਸਤਰ ਭੇਟ ਕੀਤੇ ਗਏ। ਉਨ੍ਹਾਂ ਕਿਹਾ ਕਿ ਕੁਦਰਤ ਦੇ ਨਿਯਮਾਂ ਅਨੁਸਾਰ ਮਨੁੱਖਤਾ ਦੀ ਭਲਾਈ ਲਈ ਅਨੇਕਾਂ ਮਹਾਂਪੁਰਸ਼ ਪਰਮਾਤਮਾ ਦੀ ਬੰਦਗੀ ਕਰ ਰਹੇ ਹਨ, ਭਾਵੇਂ ਉਹ ਕਿਸੇ ਵੀ ਭੇਖ ‘ਚ ਹੋਣ ਪਰ ਉਨ੍ਹਾਂ ਦਾ ਮੁੱਖ ਮੰਤਵ ਸਮਾਜਿਕ ਸ਼ਾਂਤੀ ਅਤੇ ਆਪਸੀ ਏਕਤਾ ਬਰਕਰਾਰ ਰੱਖਣਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਫੱਕਰ ਸਾਧੂ, ਸਾਧਵੀਆਂ ਦੀ ਪੂਜਾ ਅਤੇ ਸੇਵਾ ਕਰਨ ਨਾਲ ਮਨੁੱਖ ਦੇ ਮਨ ਅੰਦਰਲੀ ਹਉਮੈ ਤੇ ਨਿੱਜ ਸਵਾਰਥ ਸੋਚ ਦਾ ਨਾਸ਼ ਹੋ ਕੇ ਰੂਹਾਨੀ ਅਤੇ ਅਧਿਆਤਮਿਕ ਪੱਖ ਮਜ਼ਬੂਤ ਹੁੰਦਾ ਹੈ। ਮੁੱਖ ਸੇਵਾਦਾਰ ਸਵਾਮੀ ਓਮਾ ਨੰਦ ਨੇ ਕਿਹਾ ਕਿ ਪਰਮਾਤਮਾ ਦੀ ਬੰਦਗੀ ਕਰਨਾ ਹੀ ਮਨੁੱਖ ਦਾ ਅਸਲ ਗਹਿਣਾ ਹੈ। ਸਵਾਮੀ ਹੰਸਾ ਨੰਦ ਧਾਮ ਗੰਗੋਤਰੀ ਨੇ ਕਿਹਾ ਕਿ ਅੱਜ ਨਿਜ ਸਵਾਰਥ ਸੋਚ ਕਾਰਨ ਮਨੁੱਖ ਦੇ ਮਨ ’ਤੇ ਮਾਇਆ ਦਾ ਪਰਦਾ ਪੈ ਚੁੱਕਾ ਹੈ। ਸਕੱਤਰ ਕੁਲਦੀਪ ਸਿੰਘ ਮਾਨ ਤੋਂ ਇਲਾਵਾ ਇਸ ਮੌਕੇ ਸਵਾਮੀ ਸੁਰੇਸਵਰਾ ਨੰਦ, ਐਡਵੋਕੇਟ ਸਤਵੰਤ ਸਿੰਘ ਤਲਵੰਡੀ, ਪ੍ਰਧਾਨ ਜਸਬੀਰ ਕੌਰ, ਸਵਾਮੀ ਬਲਦੇਵ ਦਾਸ, ਅਜੀਤਪਾਲ ਸਿੰਘ ਥਾਣਾ ਮੁਖੀ, ਅਚਾਰੀਆ ਕ੍ਰਿਸ਼ਨ ਕੁਮਾਰ ਭਾਦਸੋਂ, ਵੈਦ ਸ਼ਿਵ ਕੁਮਾਰ, ਸਰਵਣ ਸਿੰਘ ਪੋਸਵਾਲ, ਭਾਈ ਗੁਰਮੀਤ ਸਿੰਘ ਬੈਂਸ, ਭਾਈ ਬਲਜਿੰਦਰ ਸਿੰਘ, ਭਾਈ ਰਾਹੁਲ ਮਿਸ਼ਰਾ, ਤੀਰਥ ਸਿੰਘ ਸਰਾਂ ਪ੍ਰਧਾਨ, ਗੁਰਦੀਪ ਸਿੰਘ ਲਾਲੀ, ਸਿਮਰਜੀਤ ਸਿੰਘ ਕੁਹਾੜਾ, ਸਰਪੰਚ ਗੁਰਪ੍ਰੀਤ ਕੌਰ ਮੰਡਿਆਣੀ, ਸਰਪੰਚ ਦਰਸ਼ਨ ਸਿੰਘ ਆਦਿ ਮੌਜੂਦ ਸਨ।