ਗਗਨਦੀਪ ਅਰੋੜਾ
ਲੁਧਿਆਣਾ, 20 ਅਕਤੂਬਰ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਾਣੀ ਦੇ ਬਿਲਾਂ ’ਚ ਕਟੌਤੀ ’ਤੇ 50 ਰੁਪਏ ਪ੍ਰਤੀ ਮਹੀਨੇ ਤੈਅ ਕਰਨ ਦੇ ਐਲਾਨ ਨਾਲ ਭਾਵੇਂ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ, ਪਰ ਉਥੇ ਹੀ ਨਗਰ ਨਿਗਮ ਲਈ ਇਹ ਫੈਸਲਾ ਪ੍ਰੇਸ਼ਾਨੀ ਦਾ ਸਬੱਬ ਬਣ ਗਿਆ ਹੈ। ਨਿਗਮ ਨੂੰ ਹਰ ਮਹੀਨੇ ਪਾਣੀ ਦੇ ਟਿਊਬਵੈਲਾਂ ਦਾ ਬਿਜਲੀ ਬਿੱਲ ਕਰੋੜਾਂ ਰੁਪਏ ਤੋਂ ਜ਼ਿਆਦਾ ਅਦਾ ਕਰਨਾ ਪੈਂਦਾ ਹੈ। ਪਾਣੀ ਦੇ ਬਿਲਾਂ ’ਚ ਕਟੌਤੀ ਨਾਲ ਨਿਗਮ ਦੀ ਆਮਦਨ ਘੱਟ ਜਾਵੇਗੀ, ਉਧਰ ਦੂਸਰੇ ਪਾਸੇ ਨਿਗਮ ਦੇ ਟਿਊਬਵੈੱਲਾਂ ਦੇ ਬਿਜਲੀ ਬਿੱਲ ਦਾ ਭੁਗਤਾਨ ਕਰਨ ਲਈ ਦੂਸਰੇ ਫੰਡਾਂ ’ਚੋਂ ਖਰਚਾ ਹੋਵੇਗਾ। ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਤੇ ਕੌਂਸਲਰ ਮਮਤਾ ਆਸ਼ੂ ਨੇ ਫੇਸਬੁੱਕ ’ਤੇ ਪੋਸਟ ਪਾ ਕੇ ਮੁੱਖ ਮੰਤਰੀ ਚੰਨੀ ਨੂੰ ਅਪੀਲ ਕੀਤੀ ਹੈ ਕਿ ਨਿਗਮ ਦੇ ਟਿਊਬਵੈੱਲਾਂ ਦੇ ਬਿਜਲੀ ਬਿੱਲ ਪੰਚਾਇਤਾਂ ਦੀ ਤਰਜ਼ ’ਤੇ ਮੁਆਫ਼ ਕੀਤੇ ਜਾਣ। 125 ਵਰਗ ਗਜ਼ ਤੱਕ ਵਾਲਿਆਂ ਤੋਂ ਨਗਰ ਨਿਗਮ ਪਹਿਲਾਂ ਹੀ ਪਾਣੀ ਸੀਵਰੇਜ ਦੇ ਬਿੱਲ ਨਹੀਂ ਵਸੂਲਦਾ ਤੇ ਹੁਣ 125 ਵਰਗ ਗਜ਼ ਤੋਂ ਉਪਰ ਵਾਲਿਆਂ ਤੋਂ ਸਿਰਫ਼ 50 ਰੁਪਏ ਪਾਣੀ ਦਾ ਬਿੱਲ ਲੈਣ ’ਤੇ ਨਿਗਮ ਦੀ ਓ.ਐਂਡ.ਐਸ ਬ੍ਰਾਂਚ ਦੀ ਰਿਕਵਰੀ ਬੇਹੱਦ ਘੱਟ ਜਾਵੇਗੀ। ਮਮਤਾ ਆਸ਼ੂ ਨੇ ਆਪਣੀ ਪੋਸਟ ’ਚ ਲਿਖਿਆ ਹੈ ਕਿ ਜੇ ਸਰਕਾਰ ਨਿਗਮ ਦੇ ਟਿਊਬਵੈੱਲ ਕੁਨੈਕਸ਼ਨਾਂ ਦਾ ਬਿੱਲ ਮੁਆਫ਼ ਕਰ ਦਿੰਦੀ ਹੈ ਤਾਂ ਇਸ ਰਕਮ ਨੂੰ ਸ਼ਹਿਰ ਦੇ ਵਿਕਾਸ ਕਾਰਜਾਂ ’ਤੇ ਖਰਚ ਕੀਤਾ ਜਾ ਸਕੇਗਾ।
ਸ਼ਹਿਰ ’ਚ 1000 ਤੋਂ ਜ਼ਿਆਦਾ ਟਿਊਬਵੈੱਲ, ਸਲਾਨਾ 75 ਕਰੋੜ ਆਉਂਦਾ ਹੈ ਖਰਚ
ਨਗਰ ਨਿਗਮ ਦੇ 1000 ਤੋਂ ਜ਼ਿਆਦਾ ਛੋਟੇ ਵੱਡੇ ਟਿਊਬਵੈੱਲ ਹਨ। ਪ੍ਰਤੀ ਮਹੀਨੇ ਨਿਗਮ ਨੂੰ 6 ਕਰੋੜ ਤੋਂ ਜ਼ਿਆਦਾ ਦਾ ਬਿੱਲ ਅਦਾ ਕਰਨਾ ਪੈਂਦਾ ਹੈ। ਇਸ ਤਰ੍ਹਾ ਸਾਲ ਭਰ ’ਚ ਨਿਗਮ ਵੱਲੋਂ ਲਗਪਗ 75 ਕਰੋੜ ਰੁਪਏ ਟਿਊਬਵੈੱਲਾਂ ਦੇ ਬਿਜਲੀ ਬਿੱਲ ਤੇ ਮੁਰੰਮਤ ’ਤੇ ਖਰਚ ਕੀਤੇ ਜਾਂਦੇ ਹਨ। ਵਾਟਰ ਸੀਵਰੇਜ ਤੋਂ ਨਿਗਮ ਨੂੰ ਹਰ ਸਾਲ 90 ਕਰੋੜ ਦੀ ਆਮਦਨੀ ਹੁੰਦੀ ਹੈ। ਇਸ ਤੋਂ ਇਲਾਵਾ ਓ.ਐਂਡ.ਐੱਸ ਬ੍ਰਾਂਚ ’ਚ ਨਗਰ ਨਿਗਮ ਦੇ ਸਭ ਤੋਂ ਜ਼ਿਆਦਾ ਮੁਲਾਜ਼ਮ ਹਨ।
ਬਿਜਲੀ ਮੁਆਫ਼ੀ ਤੇ ਮੁੜ ਕੁਨੈਕਸ਼ਨ ਲਈ ਬਿਜਲੀ ਵਿਭਾਗ ਹੋਇਆ ਪੱਬਾਂ ਭਾਰ
ਖੰਨਾ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਸਰਕਾਰ ਵੱਲੋਂ ਦੋ ਕਿੱਲੋਵਾਟ ਤੱਕ ਲੋਡ ਦੇ ਬਿਜਲੀ ਖ਼ਪਤਕਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਪਿਛਲਾ ਬਕਾਇਆ ਮੁਆਫ਼ ਕਰਨ ਅਤੇ ਕੱਟੇ ਕੁਨੈਕਸ਼ਨ ਦੁਬਾਰਾ ਜੋੜਨ ਲਈ ਜੋ ਐਲਾਨ ਕੀਤਾ ਗਿਆ ਸੀ, ਉਸ ਨੂੰ ਅਮਲੀਜਾਮਾ ਪਹਿਨਾਉਣ ਲਈ ਪੀਐੱਸਪੀਸੀਐੱਲ ਦਾ ਅਮਲਾ ਤਿਆਰ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਟੀ-1 ਦੇ ਐੱਸਡੀਓ ਰਜਿੰਦਰ ਕੁਮਾਰ ਨੇ ਦੱਸਿਆ ਕਿ ਇਸ ਲਈ ਵਿਸ਼ੇਸ਼ ਤੌਰ ’ਤੇ ਕੈਂਪ ਤੋਂ ਇਲਾਵਾ ਘਰ ਘਰ ਜਾ ਕੇ ਖ਼ਪਤਕਾਰਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ। ਅਜਿਹੇ ਖ਼ਪਤਕਾਰਾਂ ਦੇ ਕੱਟੇ ਕੁਨੈਕਸ਼ਨ ਮੁੜ ਬਹਾਲ ਕਰਨ ਲਈ ਖ਼ਰਚਾ ਵੀ ਪੰਜਾਬ ਸਰਕਾਰ ਹੀ ਚੁੱਕੇਗੀ। ਉਨ੍ਹਾਂ ਦੱਸਿਆ ਕਿ ਖ਼ਪਤਕਾਰ ਵੱਲੋਂ ਭਰਿਆ ਜਾਣ ਵਾਲਾ ਬਿਨੈ ਪੱਤਰ ਵਿਭਾਗ ਦੀ ਵੈਬਸਾਈਟ ’ਤੇ ਵੀ ਉਪਲੱਬਧ ਹੈ।