ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 7 ਅਕਤੂਬਰ
ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗਾਂ ਦੇ ਬਾਵਜੂਦ ਕੋਈ ਸਾਰਥਿਕ ਸਿੱਟਾ ਨਾ ਨਿਕਲਣ ਕਾਰਨ ਦਿੱਲੀ-ਜੰਮੂ-ਕਟੜਾ ਸ਼ਾਹਰਾਹ ਦੀ ਮਾਰ ਹੇਠ ਆਉਣ ਵਾਲੇ ਕਿਸਾਨਾਂ ਮਜ਼ਦੂਰਾਂ ਦੀਆਂ ਜਾਇਜ਼ ਮੰਗਾਂ ਪ੍ਰਵਾਨ ਕਰਾਉਣ ਲਈ ਬਲਾਕ ਪੱਖੋਵਾਲ ਦੇ ਪਿੰਡ ਕੋਟ ਆਗਾ ਵਿਚ ਚੱਲ ਰਿਹਾ ਮੋਰਚਾ 104ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਵੱਡੀ ਗਿਣਤੀ ਵਿੱਚ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਔਰਤਾਂ ਆਪਣੇ ਰੋਹ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦੀ ਸੰਗਰੂਰ ਸਥਿਤ ਰਿਹਾਇਸ਼ ਸਾਹਮਣੇ ਪੱਕਾ ਮੋਰਚਾ ਲਾਉਣ ਦੇ ਨਾਲ-ਨਾਲ ਕੋਟ ਆਗਾ ਮੋਰਚਾ ਵੀ ਜਾਰੀ ਰੱਖਣ ਦਾ ਐਲਾਨ ਕੀਤਾ। ਕਿਸਾਨ ਆਗੂ ਬਲਵੰਤ ਸਿੰਘ ਘੁਡਾਣੀ, ਕੁਲਦੀਪ ਸਿੰਘ ਗੁੱਜਰਵਾਲ, ਪਰਮਜੀਤ ਸਿੰਘ ਅਤੇ ਜਸਵੀਰ ਸਿੰਘ ਕੋਟ ਆਗਾ ਨੇ ਸੰਬੋਧਨ ਕਰਦਿਆਂ ਸੰਗਰੂਰ ਧਰਨੇ ਦੀ ਕਾਮਯਾਬੀ ਲਈ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਲੰਮੇ ਘੋਲ ਜਿੱਤ ਦੀ ਗਾਰੰਟੀ ਬਣਦੇ ਹਨ। ਕਿਸਾਨ ਆਗੂ ਸੁਦਾਗਰ ਸਿੰਘ ਜੁੜਾਹਾਂ ਨੇ ਕਿਹਾ ਸੰਗਰੂਰ ਵਿਚ ਮੁੱਖ ਮੰਤਰੀ ਦੀ ਰਿਹਾਇਸ਼ ਸਾਹਮਣੇ ਮੋਰਚੇ ਦੇ ਨਾਲ ਹੀ ਕੋਟ ਆਗਾ ਦਾ ਮੋਰਚਾ ਵੀ ਸਮਾਨਾਂਤਰ ਜਾਰੀ ਰੱਖਣ ਲਈ ਵਿਉਂਤ ਘੜ ਲਈ ਗਈ ਹੈ।