ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 8 ਦਸੰਬਰ
ਸ਼ਹੀਦ ਸੁਖਦੇਵ ਥਾਪਰ ਦੇ ਜੱਦੀ ਘਰ ਨੌਘਰਾ ਹਮੇਸ਼ਾ ਤੋਂ ਸਰਕਾਰੀ ਅਣਦੇਖੀ ਦਾ ਸ਼ਿਕਾਰ ਹੁੰਦਾ ਰਿਹਾ ਹੈ। ਸ਼ਹੀਦ ਸੁਖਦੇਵ ਥਾਪਰ ਮੈਮਰੀਅਲ ਟਰੱਸਟ ਲਗਾਤਾਰ ਸੰਘਰਸ਼ ਕਰਦਾ ਰਿਹਾ ਹੈ ਪਰ ਪੰਜਾਬ ਸਰਕਾਰ ਹੁਣ ਨੀਂਦ ’ਚੋਂ ਜਾਗੀ ਹੈ ਤੇ ਸ਼ਹੀਦ ਦੇ ਜੱਦੀ ਘਰ ਨੌਘਰਾ ਦੇ ਸੁੰਦਰੀਕਰਨ ਦੀ ਯੋਜਨਾ ਬਣਾ ਕੇ ਟੈਂਡਰ ਜਾਰੀ ਕਰ ਦਿੱਤਾ ਹੈ। ਟਰੱਸਟ ਦੇ ਪ੍ਰਧਾਨ ਅਸ਼ੋਕ ਥਾਪਰ ਨੇ ਦੱਸਿਆ ਕਿ 50 ਲੱਖ ਰੁਪਏ ਦੀ ਲਾਗਤ ਨਾਲ ਨੌਘਰਾ ਦਾ ਸੁੰਦਰੀਕਰਨ ਹੋਵੇਗਾ। ਇਸ ਲਈ ਸਰਕਾਰ ਨੇ ਟੈਂਡਰ ਲਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਦੇ ਅਫ਼ਸਰਾਂ ਨੇ ਟੈਂਡਰ ਲਾਉਣ ਤੋਂ ਪਹਿਲਾਂ ਮੌਕੇ ਦਾ ਜਾਇਜ਼ਾ ਲਿਆ ਸੀ ਤੇ ਉਸ ਸਮੇਂ ਤੈਅ ਕੀਤਾ ਸੀ ਕਿ ਨੌਘਰਾਂ ’ਚ ਟਾਈਲਾਂ, ਸੀਵਰੇਜ ਸਿਸਟਮ, ਲਾਈਟਿੰਗ ਤੇ ਹੋਰ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਸ਼ਹੀਦ ਦੇ ਘਰ ਦੇ ਦਿਨ ਹੁਣ ਫਿਰ ਜਾਣਗੇ।