ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 22 ਜੂਨ
ਇਥੇ ਰੇਲਵੇ ਪਾਰਕ ’ਚ ਚੱਲ ਰਹੇ ਕਿਸਾਨ ਸੰਘਰਸ਼ ਮੋਰਚੇ ਦੇ 265ਵੇਂ ਦਿਨ ਧਰਨੇ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਾਲਬਿ ਨੇ ਕੀਤੀ। ਕਿਸਾਨ ਆਗੂ ਤਰਸੇਮ ਸਿੰਘ ਬੱਸੂਵਾਲ ਅਤੇ ਦਰਸ਼ਨ ਸਿੰਘ ਗਾਲਬਿ ਨੇ ਕਿਹਾ ਕਿ ਇਕ ਪਾਸੇ ਹਕੂਮਤ ਫ਼ਸਲੀ ਚੱਕਰ ਬਦਲਣ ਦੀਆਂ ਟਾਹਰਾਂ ਮਾਰਦੀ ਹੈ ਅਤੇ ਦੂਜੇ ਪਾਸੇ ਮੱਕੀ ਤੇ ਮੂੰਗੀ ਵਪਾਰੀਆਂ ਵੱਲੋਂ ਐੱਮਐੱਸਪੀ ਤੋਂ ਘੱਟ ਮੁੱਲ ’ਤੇ ਖਰੀਦ ਕੇ ਕਿਸਾਨਾਂ ਦੀ ਲੁੱਟ ਹੋ ਰਹੀ ਹੈ। ਮਾਝੇ ਦੁਆਬੇ ਦੀਆਂ ਮੰਡੀਆਂ ’ਚ ਮੱਕੀ ਦੀ 1850 ਰੁਪਏ ਕੀਮਤ ਸਰਕਾਰੀ ਤੌਰ ’ਤੇ ਨਿਸ਼ਚਿਤ ਹੋਣ ਦੇ ਬਾਵਜੂਦ ਕਿਸਾਨਾਂ ਨੂੰ 600 ਤੋਂ 800 ਰੁਪਏ ਮਿਲ ਰਹੀ ਹੈ, ਜੋ ਅੱਧੇ ਤੋਂ ਵੀ ਘੱਟ ਬਣਦੀ ਹੈ। ਇਸੇ ਤਰ੍ਹਾਂ ਮੂੰਗੀ ਦਾ ਰੇਟ 7200 ਰੁਪਏ ਹੈ ਪਰ ਵਿਕ ਰਹੀ ਹੈ 5500 ਰੁਪਏ ਤੋਂ ਲੈ ਕੇ 6000 ਰੁਪਏ ਤੱਕ। ਉਨ੍ਹਾਂ ਕਿਹਾ ਕਿ ਕਿਸਾਨਾਂ ਤੋਂ 60 ਰੁਪਏ ਕਿੱਲੋ ਮੂੰਗੀ ਖਰੀਦ ਕੇ ਇਹੀ ਮੂੰਗੀ ਤਲ ਕੇ ਅਤੇ ਮਸਾਲੇ ਲਾ ਕੇ ਲਿਫਾਫਿਆਂ ’ਚ ਇਕ ਕਿਲੋ ਤਿੰਨ ਸੌ ਰੁਪਏ ਦੀ ਵੇਚੀ ਜਾਂਦੀ ਹੈ। ਉਤਪਾਦਕ ਅਤੇ ਵਪਾਰੀ ਦੀ ਕਮਾਈ ’ਚ ਜ਼ਮੀਨ ਅਸਮਾਨ ਦਾ ਅੰਤਰ ਹੈ। ਬੁਲਾਰਿਆਂ ਨੇ ਸਮੂਹ ਇਲਾਕਾ ਵਾਸੀਆਂ ਨੂੰ 26 ਜੂਨ ਨੂੰ ਰੇਲਵੇ ਪਾਰਕ ’ਚ ਖੇਤੀ ਲਈ ਹੋ ਰਹੀ ਵਿਸ਼ਾਲ ਕਾਨਫਰੰਸ ’ਚ ਪੁੱਜਣ ਦਾ ਸੱਦਾ ਦਿੱਤਾ।
‘ਮੋਦੀ ਨੇ ਭਾਰਤ ਪੈਟਰੋਲੀਅਮ ਦੇ ਨਿੱਜੀਕਰਨ ਦੀ ਤਿਆਰੀ ਵਿੱਢੀ’
ਗੁਰੂਸਰ ਸੁਧਾਰ (ਸੰਤੋਖ ਗਿੱਲ): ਕਿਲ੍ਹਾ ਰਾਏਪੁਰ ਵਿਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਖੇਤੀ ਕਾਨੂੰਨਾਂ, ਕਾਰਪੋਰੇਟ ਘਰਾਣਿਆਂ ਅਤੇ ਮੋਦੀ ਹਕੂਮਤ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਅਤੇ ਜਮਹੂਰੀ ਕਿਸਾਨ ਸਭਾ ਵੱਲੋਂ ਲੜੀਵਾਰ ਧਰਨਾ 173ਵੇਂ ਦਿਨ ਵੀ ਜਾਰੀ ਰਿਹਾ। ਧਰਨੇ ਦੀ ਅਗਵਾਈ ਰਾਜਿੰਦਰ ਕੌਰ, ਅਮਨਦੀਪ ਕੌਰ ਅਤੇ ਮਹਿੰਦਰ ਕੌਰ ਨੇ ਕੀਤੀ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਕਿਹਾ ਕਿ ਮੋਦੀ ਸਰਕਾਰ ਹੁਣ ਸਭ ਤੋਂ ਵੱਡੇ ਜਨਤਕ ਖੇਤਰ ਦੇ ਅਦਾਰੇ ਭਾਰਤ ਪੈਟਰੋਲੀਅਮ ਦੇ ਨਿੱਜੀਕਰਨ ਦਾ ਰਾਹ ਪੱਧਰਾ ਕਰਨ ਲਈ 100 ਫ਼ੀਸਦੀ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਮਨਜ਼ੂਰੀ ਦੇਣ ਲਈ ਮੰਤਰੀ ਮੰਡਲ ਵੱਲੋਂ ਝੰਡੀ ਦੇਣ ਦੀ ਤਿਆਰੀ ਕਰ ਰਹੀ ਹੈ। ਜਨਵਾਦੀ ਇਸਤਰੀ ਸਭਾ ਦੀ ਜ਼ਿਲ੍ਹਾ ਪ੍ਰਧਾਨ ਪਰਮਜੀਤ ਕੌਰ ਕਿਲ੍ਹਾ ਰਾਏਪੁਰ, ਅਮਨਦੀਪ ਕੌਰ, ਕੁਲਜੀਤ ਕੌਰ ਗਰੇਵਾਲ, ਜਰਨੈਲ ਕੌਰ, ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਜਗਤਾਰ ਸਿੰਘ ਚਕੋਹੀ ਆਦਿ ਨੇ ਲੋਕਾਂ ਨੂੰ ਦੇਸ਼ ਭਰ ਵਿਚ ਚੱਲ ਰਹੇ ਪੱਕੇ ਮੋਰਚਿਆਂ ਵਿਚ ਸ਼ਮੂਲੀਅਤ ਦਾ ਸੱਦਾ ਦਿੱਤਾ।