ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 6 ਮਈ
ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਮਾਰੀ ਕਾਰਨ ਗ਼ੈਰਜ਼ਰੂਰੀ ਵਸਤਾਂ ਦੀ ਲਗਾਈ ਗਈ ਤਾਲਾਬੰਦੀ ਤੋਂ ਬਾਅਦ ਦੁਕਾਨਦਾਰਾਂ ਵਿਚ ਹੋਏ ਵਿਦਰੋਹ ਨੂੰ ਦੇਖਦਿਆਂ ਅੱਜ ਪੁਲੀਸ ਅਧਿਕਾਰੀਆਂ ਵੱਲੋਂ ਦੁਕਾਨਦਾਰਾਂ ਨਾਲ ਮੀਟਿੰਗ ਕਰ ਉਨ੍ਹਾਂ ਦੇ ਸੁਝਾਅ ਮੰਗੇ ਗਏ। ਪੁਲੀਸ ਜ਼ਿਲ੍ਹਾ ਖੰਨਾ ਦੇ ਡੀਐੱਸਪੀ ਮਨਮੋਹਨ ਸਰਨਾ ਤੇ ਇੰਸਪੈਕਟਰ ਰਾਜੇਸ਼ ਠਾਕੁਰ ਵੱਲੋਂ ਦੁਕਾਨਦਾਰਾਂ ਨਾਲ ਮੀਟਿੰਗ ਕਰ ਸੁਝਾਅ ਮੰਗੇ ਕਿ ਬਾਜ਼ਾਰਾਂ ਵਿਚ ਭੀੜ ਵੀ ਨਾ ਹੋਵੇ ਅਤੇ ਮਹਾਮਾਰੀ ਤੋਂ ਬਚਾਅ ਰੱਖਦੇ ਹੋਏ ਯੋਜਨਾ ਬਣਾਈ ਜਾਵੇ ਕਿ ਦੁਕਾਨਾਂ ਕਿੰਨੇ ਸਮੇਂ ਲਈ ਖੋਲ੍ਹੀਆਂ ਜਾਣ। ਮੀਟਿੰਗ ’ਚ ਸ਼ਾਮਲ ਦੁਕਾਨਦਾਰ ਆਗੂਆਂ ਨੇ ਕਿਹਾ ਕਿ ਗ਼ੈਰ-ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਬੇਸ਼ੱਕ ਕੁਝ ਘੰਟੇ ਹੀ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਹਰੇਕ ਦੁਕਾਨਦਾਰ ਆਪਣਾ ਕਾਰੋਬਾਰ ਕਰ ਸਕੇ। ਦੁਕਾਨਦਾਰਾਂ ਨੇ ਇਹ ਵਿਸ਼ਵਾਸ ਦਿਵਾਇਆ ਕਿ ਉਹ ਆਪਣੀਆਂ ਦੁਕਾਨਾਂ ’ਤੇ ਭੀੜ ਇਕੱਠੀ ਨਹੀਂ ਹੋਣ ਦੇਣਗੇ ਅਤੇ ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਨਿਯਮਾਂ ਦੀ ਪਾਲਣਾ ਕਰਨਗੇ। ਡੀਐੱਸਪੀ ਨੇ ਦੁਕਾਨਦਾਰਾਂ ਨੂੰ ਸੁਝਾਅ ਦਿੱਤਾ ਕਿ ਗੈਰ-ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਇੱਕ ਦਿਨ ਬੰਦ ਅਤੇ ਇੱਕ ਦਿਨ ਖੋਲ੍ਹਣ ਤੋਂ ਇਲਾਵਾ ਓਡ-ਈਵਨ ਫਾਰਮੂਲਾ ਅਪਦਾਉਣ ਦੀ ਸਿਫ਼ਾਰਸ਼ ਕੀਤੀ ਜਾਵੇ, ਜਿਸ ਨੂੰ ਨਾਕਾਰਦਿਆਂ ਦੁਕਾਨਦਾਰਾਂ ਕਿਹਾ ਕਿ ਉਨ੍ਹਾਂ ਨੂੰ ਰੋਜ਼ਾਨਾ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਦੁਕਾਨਾਂ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਜਾਵੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਮੋਹਣ ਸਰਨਾ ਨੇ ਕਿਹਾ ਕਿ ਦੁਕਾਨਦਾਰਾਂ ਦੇ ਸੁਝਾਅ ਪੁਲੀਸ ਦੇ ਉੱਚ ਅਧਿਕਾਰੀਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਭੇਜ ਦਿੱਤੇ ਜਾਣਗੇ ਤੇ ਜਦੋਂ ਵੀ ਕੋਈ ਨਵੀਂ ਹਦਾਇਤ ਆਵੇਗੀ ਉਸ ਤਹਿਤ ਦੁਕਾਨਦਾਰਾਂ ਨੂੰ ਜਾਣੂ ਕਰਵਾ ਦਿੱਤਾ ਜਾਵੇਗਾ। ਮੀਟਿੰਗ ’ਚ ਸ੍ਰੀ ਸਰਨਾ ਨੇ ਪੁਲੀਸ ਚੌਕੀ ਸ਼ੇਰਪੁਰ ਤੇ ਬਹਿਲੋਲਪੁਰ ਦੇ ਇੰਚਾਰਜਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਪਿੰਡਾਂ ’ਚ ਠੀਕਰੀ ਪਹਿਰੇ ਲਗਾਉਣ ਅਤੇ ਨਾਲ ਹੀ ਜੇਕਰ ਕੋਈ ਵਿਅਕਤੀ ਦੀ ਮੌਤ ਹੁੰਦੀ ਹੈ ਤਾਂ ਉਸ ਸਬੰਧੀ ਜਾਣਕਾਰੀ ਇਕੱਤਰ ਕਰਨ। ਡੀ.ਐੱਸ.ਪੀ. ਨੇ ਮਾਛੀਵਾੜਾ ਇਲਾਕੇ ਦੇ ਮੈਡੀਕਲ ਸਟੋਰਾਂ ਨੂੰ ਵੀ ਹਦਾਇਤ ਕੀਤੀ ਕਿ ਜੇਕਰ ਉਨ੍ਹਾਂ ਕੋਲ ਕੋਈ ਦਵਾਈ ਲੈਣ ਆਉਂਦਾ ਹੈ ਤਾਂ ਉਸ ਦੀ ਜਾਣਕਾਰੀ ਰਜਿਸਟਰ ਵਿਚ ਜ਼ਰੂਰ ਦਰਜ ਕਰਨ।
ਸਮਰਾਲਾ (ਡੀਪੀਐੱਸ ਬਤਰਾ): ਐੱਸਪੀ (ਹੈੱਡਕੁਆਟਰ) ਪੁਲੀਸ ਜ਼ਿਲ੍ਹਾ ਖੰਨਾ ਤਰੁਣ ਰਤਨ ਨੇ ਅੱਜ ਸਮਰਾਲਾ ਥਾਣਾ ਵਿੱਚ ਇਲਾਕੇ ਦੀਆਂ ਦੁਕਾਨਦਾਰ ਜਥੇਬੰਦੀਆਂ ਅਤੇ ਵਪਾਰ ਮੰਡਲ ਦੇ ਆਗੂਆਂ ਨਾਲ ਮੀਟਿੰਗ ਕਰਕੇ ਉਨਾਂ ਨੂੰ ਇਹ ਹਦਾਇਤ ਜਾਰੀ ਕੀਤੀ ਕਿ ਸਰਕਾਰ ਵੱਲੋਂ ਜਿਹੜੀਆਂ ਦੁਕਾਨਾਂ ਨੂੰ ਖੋਲ੍ਹਨ ਦੀ ਛੋਟ ਦਿੱਤੀ ਗਈ ਹੈ, ਉਹ ਸਾਰੇ ਦੁਕਾਨਦਾਰ ਤੁਰੰਤ ਆਪਣੇ ਕੋਵਿਡ ਟੈਸਟ ਕਰਵਾਉਣ। ਸ੍ਰੀ ਰਤਨ ਨੇ ਕਿਹਾ ਕਿ ਸਿਰਫ ਉਨਾਂ ਦੁਕਾਨਦਾਰਾਂ ਨੂੰ ਹੀ ਦੁਕਾਨਾਂ ਖੋਲ੍ਹਣ ਦਿੱਤੀਆਂ ਜਾਣਗੀਆਂ ਜਿਨ੍ਹਾਂ ਦੀ ਕੋਵਿਡ-19 ਰਿਪੋਰਟ ਨੈਗਟਿਵ ਹੋਵੇਗੀ। ਇਸ ਤੋਂ ਇਲਾਵਾ ਦੁਕਾਨਦਾਰਾਂ ਨੂੰ ਦੁਕਾਨਾਂ ਉੱਤੇ ਕੰਮ ਕਰਨ ਵਾਲੇ ਆਪਣੇ ਸਾਰੇ ਵਰਕਰਾਂ ਦੇ ਵੀ ਕੋਵਿਡ ਟੈਸਟ ਕਰਵਾਉਣ ਦੀ ਹਦਾਇਤ ਦਿੱਤੀ ਗਈ ਹੈ। ਮੀਟਿੰਗ ਵਿੱਚ ਵਪਾਰ ਮੰਡਲ ਦੇ ਆਗੂਆਂ ਨੂੰ ਹਦਾਇਤ ਕੀਤੀ ਗਈ ਕਿ ਸਮਾਜਿਕ ਦੂਰੀ ਬਣਾ ਕੇ ਰੱਖਣ ਸਮੇਤ ਸਾਰੇ ਵਰਕਰਾਂ ਅਤੇ ਦੁਕਾਨ ਉੱਤੇ ਆਉਣ ਵਾਲੇ ਗਾਹਕਾਂ ਦੇ ਮਾਸਕ ਪਹਿਨੇ ਹੋਣ ਦੀ ਜ਼ਿੰਮੇਵਾਰੀ ਹਰ ਦੁਕਾਨਦਾਰ ਦੀ ਹੋਵੇਗੀ।
ਚਾਬੀਆਂ ਥਾਣੇ ’ਚ ਸੌਂਪ ਕੇ ਗ੍ਰਿਫ਼ਤਾਰੀ ਦੇਣਗੇ ਦੁਕਾਨਦਾਰ
ਸਮਰਾਲਾ (ਪੱਤਰ ਪ੍ਰੇਰਕ): ਪੰਜਾਬ ਭਰ ਵਿਚ ਲਾਕਡਾਊਨ ਦੌਰਾਨ ਗ਼ੈਰ ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੋ ਰਹੇ ਵਿਰੋਧ ਨੂੰ ਵੇਖਦਿਆਂ ਭਾਵੇਂ ਮੁੱਖ ਮੰਤਰੀ ਨੇ ਕੁਝ ਰਾਹਤ ਦੇਣ ਲਈ ਫੈ਼ਸਲੇ ਲੈਣ ਲਈ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਹਨ, ਪਰ ਦੁਕਾਨਾਂ ਖੋਲ੍ਹਣ ਦੀ ਮੰਗ ਨੂੰ ਲੈ ਕੇ ਸਮਰਾਲਾ ਵਿੱਚ ਧਰਨਾ ਦੇਣ ਵਾਲੇ ਦੁਕਾਨਦਾਰਾਂ ਅਤੇ ਆਗੂਆਂ ’ਤੇ ਦਰਜ ਕੀਤੇ ਪੁਲੀਸ ਕੇਸ ਕਾਰਨ ਪੈਦਾ ਲੋਕ ਰੋਹ ਪੂਰੀ ਤਰ੍ਹਾਂ ਫੁੱਟ ਪਿਆ ਹੈ। ਸ਼ਹਿਰ ਦੇ ਦੁਕਾਨਦਾਰਾਂ ਅਤੇ ਉਨ੍ਹਾਂ ਦਾ ਸਾਥ ਦੇਣ ਵਾਲੇ ਆਗੂਆਂ ਖ਼ਿਲਾਫ਼ ਪੁਲੀਸ ਵੱਲੋਂ ਦਰਜ ਕੀਤੇ ਕੇਸਾਂ ਵਿਰੁੱਧ ਰੋਸ ਪ੍ਰਗਟ ਕਰਨ ਲਈ ਅੱਜ ਇਥੇ ਮੀਟਿੰਗ ਕੀਤੀ ਗਈ। ਜਿਸ ਵਿੱਚ ਦੁਕਾਨਦਾਰਾਂ ਨੇ ਰੋਸ ਪ੍ਰਗਟ ਕਰਨ ਦਾ ਫੈ਼ਸਲਾ ਲੈਂਦੇ ਹੋਏ ਐਲਾਨ ਕੀਤਾ ਕਿ ਸ਼ਹਿਰ ਦੇ ਇਹ ਦੁਕਾਨਦਾਰ ਅਤੇ ਸੰਸਥਾਵਾਂ ਤੇ ਰਾਜਸੀ ਪਾਰਟੀਆਂ ਦੇ ਆਗੂ ਸਥਾਨਕ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਵਿੱਚ 7 ਮਈ ਨੂੰ ਸਵੇਰੇ ਇਕੱਤਰ ਹੋਣਗੇ। ਜਿਥੋਂ ਉਹ ਮਾਰਚ ਕਰਦੇ ਹੋਏ ਸਥਾਨਕ ਪੁਲੀਸ ਥਾਣੇ ਪਹੁੰਚਣਗੇ ਤੇ ਇਹ ਰੋਸ ਮਾਰਚ ਕਰਨ ਵਾਲੇ ਦੁਕਾਨਦਾਰ ਅਪਣੀਆਂ ਦੁਕਾਨਾਂ ਦੀਆਂ ਚਾਬੀਆਂ ਪੁਲੀਸ ਨੂੰ ਸੌਂਪ ਕੇ ਅਪਣੇ ਆਪ ਨੂੰ ਗ੍ਰਿਫ਼ਤਾਰੀ ਲਈ ਵੀ ਪੇਸ਼ ਕਰਨਗੇ।