ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 12 ਜਨਵਰੀ
ਇੱਥੇ ਹੁਣ ਪ੍ਰਸ਼ਾਸਨ ਨੇ ਪੁਲੀਸ ਸੁਰੱਖਿਆ ਅਧੀਨ ਖੇਤਾਂ ਵਿੱਚੋਂ ਮੋਘੇ ਖੋਲ੍ਹ ਕੇ ਪਾਣੀ ਕਢਵਾਉਣ ਦਾ ਫ਼ੈਸਲਾ ਕੀਤਾ ਹੈ। ਪ੍ਰਸ਼ਾਸਨ ਦਾ ਇਹ ਵੀ ਕਹਿਣਾ ਹੈ ਕਿ ਕਿਸਾਨਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਦਾ ਅੰਦਾਜ਼ਾ ਵੀ ਪਾਣੀ ਦੀ ਨਿਕਾਸੀ ਤੋਂ ਬਾਅਦ ਹੀ ਸੰਭਵ ਹੈ। ਉਧਰ ਪੀੜਤ ਕਿਸਾਨਾਂ ਨੇ ਦੋਸ਼ ਲਗਾਇਆ ਸੀ ਕਿ ਜਿਹੜੇ ਕਿਸਾਨਾਂ ਨੇ ਮੋਘੇ ਬੰਦ ਕੀਤੇ ਹਨ ਉਨ੍ਹਾਂ ਨੂੰ ਸੀਨੀਅਰ ਮੰਤਰੀ ਦੀ ਸ਼ਹਿ ਪ੍ਰਾਪਤ ਹੈ ਅਤੇ ਉਨ੍ਹਾਂ ਦੀਆਂ ਧਮਕੀਆਂ ਤੋਂ ਡਰਦੇ ਕਿਸਾਨ ਇਹ ਮੋਘੇ ਖੋਲ੍ਹਣ ਦੀ ਹਿੰਮਤ ਨਹੀਂ ਕਰਦੇ। ਬੀਤੇ ਦਿਨਾਂ ਇੱਥੇ ਪਏ ਭਾਰੀ ਮੀਂਹ ਨਾਲ ਸੈਂਕੜੇ ਏਕੜ ਫਸਲ ਤਬਾਹ ਹੋਣ ਦਾ ਮਾਮਲਾ ਆਉਣ ਵਾਲੇ ਦਿਨਾਂ ਵਿੱਚ ਸਿਆਸੀ ਰੰਗਤ ਲੈ ਸਕਦਾ ਹੈ।
ਜ਼ਿਕਰਯੋਗ ਹੈ ਕਿ ਡਰੇਨਾਂ ਦੀ ਸਮੇਂ ਸਿਰ ਸਫਾਈ ਨਾ ਹੋਣ ਦੇ ਨਾਲ-ਨਾਲ ਪੰਜ ਸੌ ਤੋਂ ਵੱਧ ਏਕੜ ਖੇਤਾਂ ਵਿੱਚ ਪਾਣੀ ਖੜ੍ਹਨ ਦਾ ਕਾਰਨ ਆਪਣੇ ਸਿਆਸੀ ਆਗੂਆਂ ਦੀ ਸ਼ਹਿ ਪ੍ਰਾਪਤ ਕੁੱਝ ਕਿਸਾਨਾਂ ਵੱਲੋਂ ਜਾਣ ਬੁੱਝ ਕੇ ਮੋਘੇ ਬੰਦ ਕਰ ਦੇਣਾ ਵੀ ਹੈ। ਪੀੜਤ ਕਿਸਾਨ ਲੜਾਈ ਤੋਂ ਡਰਦੇ ਖੁਦ ਇਨ੍ਹਾਂ ਮਘੋਰਿਆਂ ਨੂੰ ਖੋਲ੍ਹਣ ਤੋਂ ਝਿਜਕਦੇ ਹਨ। ਸਥਾਨਕ ਤਹਿਸੀਲ ਦਫ਼ਤਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੁਲਮਾਂ ਪਟਵਾਰ ਹਲਕੇ ਅਧੀਨ ਪੈਂਦੇ ਕਈ ਪਿੰਡਾਂ ਦੇ 500 ਏਕੜ ਤੋਂ ਵੱਧ ਰਕਬੇ ਵਿੱਚ ਸ਼ਨਿਚਰਵਾਰ ਨੂੰ ਸਾਰਾ ਦਿਨ ਪਏ ਮੀਂਹ ਕਾਰਨ ਪਾਣੀ ਵਿੱਚ ਫਸਲਾਂ ਡੁੱਬ ਗਈਆਂ ਸਨ। ਕਾਨੂੰਨਗੋ ਮਨਜੀਤ ਸਿੰਘ ਅਤੇ ਪਟਵਾਰੀ ਗੁਰਜਿੰਦਰ ਸਿੰਘ ਕਈ ਵਾਰ ਇਨ੍ਹਾਂ ਖੇਤਾਂ ਦਾ ਦੌਰਾ ਕਰਕੇ ਆਏ ਸਨ।
ਉੱਚ ਅਧਿਕਾਰੀਆਂ ਨੂੰ ਦਿੱਤੀ ਰਿਪੋਰਟ ਵਿੱਚ ਉਨ੍ਹਾਂ ਦਾਅਵਾ ਕੀਤਾ ਹੈ ਕਿ ਖਰਾਬੇ ਦਾ ਅੰਦਾਜ਼ਾ ਪਾਣੀ ਸੁੱਕਣ ਤੋਂ ਬਾਅਦ ਹੀ ਲਗਾਇਆ ਜਾ ਸਕਦਾ ਹੈ। ਉਧਰ ਨਾਇਬ ਤਹਿਸੀਲਦਾਰ ਪਵਨਦੀਪ ਸਿੰਘ ਨੇ ਦੱਸਿਆ ਕਿ ਸੜਕਾਂ ਉੱਚੀਆਂ ਹੋਣ ਕਰਕੇ ਜ਼ਿਆਦਾਤਰ ਖੇਤਾਂ ਦਾ ਲੈਵਲ ਬਹੁਤ ਨੀਂਵਾ ਹੈ ਜਿੱਥੇ ਕਿ ਥੋੜ੍ਹੀ ਜਿਹਾ ਮੀਂਹ ਪੈਣ ਤੋਂ ਬਾਅਦ ਪਾਣੀ ਇਕੱਠਾ ਹੋ ਜਾਣ ਦਾ ਖਦਸ਼ਾ ਬਣਿਆ ਰਹਿੰਦਾ ਹੈ।
ਬੰਦ ਕੀਤੇ ਹੋਏ ਮਘੋਰੇ ਖੋਲ੍ਹ ਕੇ ਪਾਣੀ ਦਾ ਨਿਕਾਸ ਕਰਵਾਇਆ ਜਾਵੇਗਾ: ਨਾਇਬ ਤਹਿਸੀਲਦਾਰ
ਆਪਣੇ ਸੀਨੀਅਰ ਅਧਿਕਾਰੀਆਂ ਨੂੰ ਸਥਿਤੀ ਤੋਂ ਜਾਣੂ ਕਰਵਾ ਦਿੱਤੇ ਜਾਣ ਦਾ ਦਾਅਵਾ ਕਰਦਿਆਂ ਨਾਇਬ ਤਹਿਸੀਲਦਾਰ ਪਵਨਦੀਪ ਸਿੰਘ ਨੇ ਦੱਸਿਆ ਕਿ ਜਲਦੀ ਹੀ ਪੁਲੀਸ ਸੁਰੱਖਿਆ ਲੈ ਕੇ ਨਾਜਾਇਜ਼ ਤੌਰ ’ਤੇ ਬੰਦ ਕੀਤੇ ਹੋਏ ਮੋਘੇ ਖੋਲ੍ਹ ਕੇ ਪਾਣੀ ਦਾ ਨਿਕਾਸ ਕਰਵਾਇਆ ਜਾਵੇਗਾ। ਖੇਤਾਂ ਵਿੱਚੋਂ ਪਾਣੀ ਨਿਕਲਣ ਮਗਰੋਂ ਹੀ ਖਰਾਬੇ ਦਾ ਅੰਦਾਜ਼ਾ ਲਗਾ ਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।