ਨਿੱਜੀ ਪੱਤਰ ਪ੍ਰੇਰਕ
ਖੰਨਾ, 13 ਮਈ
ਇਕ ਪਾਸੇ ਸਰਕਾਰ ਨੇ ਕਰੋਨਾ ਮਹਾਮਾਰੀ ਤੋਂ ਬਚਾਅ ਲਈ ਪੰਜਾਬ ਵਿਚ ਲਾਕਡਾਊਨ ਲਾਇਆ ਹੋਇਆ ਹੈ ਅਤੇ ਹਰ ਤਰ੍ਹਾਂ ਦੇ ਕਾਰੋਬਾਰ ਬੰਦ ਕਰਕੇ ਪੁਲੀਸ ਥਾਂ ਥਾਂ ਲੋਕਾਂ ਦੇ ਚਲਾਨ ਕੱਟ ਰਹੀ ਹੈ। ਦੂਜੇ ਪਾਸੇ ਖੰਨਾ ਰਜਿਸਟਰਾਰ ਦੇ ਦਫ਼ਤਰ ਵਿਚ ਸ਼ਰੇਆਮ ਸਰਕਾਰੀ ਹਦਾਇਤਾਂ ਦੀਆਂ ਧੱਜੀਆਂ ਉੱਡ ਰਹੀਆਂ ਹਨ। ਜਿੱਥੇ ਦੇਰ ਸ਼ਾਮ ਤੱਕ ਰਜਿਸਟਰੀਆਂ ਕੀਤੀਆਂ ਜਾਂਦੀਆਂ ਹਨ ਤੇ ਸੈਂਕੜੇ ਲੋਕਾਂ ਦੀ ਭੀੜ ਇਕੱਤਰ ਹੁੰਦੀ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਆਗੂ ਸੰਦੀਪ ਸਿੰਘ ਰੁਪਾਲੋਂ ਅਤੇ ਗੁਰਮੁੱਖ ਸਿੰਘ ਪੂਰਬਾ ਨੇ ਕਿਹਾ ਕਿ ਹਰ ਸਰਕਾਰੀ ਦਫ਼ਤਰ ਦਾ ਸਮਾਂ ਨਿਯਮਿਤ ਕੀਤਾ ਗਿਆ ਹੈ ਤੇ 12 ਵਜੇ ਤੋਂ ਬਾਅਦ ਹਰ ਕਾਰੋਬਾਰ ਬੰਦ ਕਰਵਾਏ ਜਾਂਦੇ ਹਨ। ਅਜਿਹੀਆਂ ਸਖ਼ਤ ਪਾਬੰਦੀਆਂ ਦੇ ਬਾਵਜੂਦ ਤਹਿਸੀਲ ’ਚ ਰਜਿਸਟਰੀਆਂ ਦਾ ਕੰਮ 2 ਵਜੇ ਤੋਂ ਬਾਅਦ ਹੀ ਸ਼ੁਰੂ ਕੀਤਾ ਜਾਂਦਾ ਹੈ। ਜਦੋਂ ਲੋਕ ਰਜਿਸਟਰੀਆਂ ਕਰਵਾ ਕੇ ਵਾਪਸ ਘਰ ਮੁੜਦੇ ਹਨ ਤਾਂ ਰਸਤੇ ਵਿਚ ਪੁਲੀਸ ਪ੍ਰੇਸ਼ਾਨ ਕਰਦੀ ਹੈ। ਇਸੇ ਤਰ੍ਹਾਂ ਨੰਬਰਦਾਰਾਂ, ਵਸੀਕਾ ਨਵੀਸਾਂ, ਰਜਿਸਟਰੀ ਅਧਿਕਾਰੀਆਂ ਨੂੰ ਵੀ ਤਹਿਸੀਲ ’ਚ ਬੈਠਣਾ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਤੁਰੰਤ ਵਿਭਾਗੀ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਤਹਿਸੀਲਦਾਰ ਨਵਦੀਪ ਸਿੰਘ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ 9 ਤੋਂ 5 ਦਫ਼ਤਰ ਕਰਨ ਦੇ ਹੁਕਮ ਕੀਤੇ ਗਏ ਹਨ। ਇਸੇ ਕਾਰਨ ਰਜਿਸਟਰੀਆਂ ਦਾ ਕੰਮ ਹੋ ਰਿਹਾ ਹੈ ਅਤੇ ਇਹ ਕੰਮ ਨਾਇਬ ਤਹਿਸੀਲਦਾਰ ਵੱਲੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਤੋਂ ਭੀੜ ਇੱਕਠੀ ਨਹੀਂ ਹੋਣ ਦਿੱਤੀ ਜਾਵੇਗੀ ਤੇ ਕਰੋਨਾ ਨਿਯਮਾਂ ਦਾ ਧਿਆਨ ਰੱਖਣਗੇ।