ਪੱਤਰ ਪ੍ਰੇਰਕ
ਦੋਰਾਹਾ, 23 ਜੂਨ
ਸ਼ਹਿਰ ਦੀ ਸੀਵਰੇਜ ਸਮੱਸਿਆ ਹੱਲ ਕਰਨ ਲਈ ਸ਼ਹਿਰ ’ਚ ਲਾਏ ਗਏ ਤਿੰਨ ਟ੍ਰੀਟਮੈਂਟ ਪਲਾਂਟ, ਨਗਰ ਕੌਂਸਲ ਦੋਰਾਹਾ ਦੇ ਸਪੁਰਦ ਨਾ ਕੀਤੇ ਜਾਣ ਕਾਰਨ ਸੀਵਰੇਜ ਅਤੇ ਸਫ਼ਾਈ ਦੀ ਸਮੱਸਿਆ ਆ ਰਹੀ ਹੈ। ਇਸ ਸਬੰਧੀ ਏਡੀਸੀ ਅਰਬਨ ਲੁਧਿਆਣਾ ਅਨੀਤਾ ਦਰਸ਼ਪ ਨੇ ਟ੍ਰੀਟਮੈਂਟ ਪਲਾਟਾਂ ਅਤੇ ਸੀਵਰੇਜ ਸਮੇਤ ਸਫ਼ਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਸ਼ਹਿਰ ਅੰਦਰ ਸੀਵਰੇਜ ਦੀ ਸਮੱਸਿਆ ਬਾਰੇ ਚਰਚਾ ਕਰਦਿਆਂ ਸਫ਼ਾਈ ਪ੍ਰਬੰਧ ਹੋਰ ਵਧੀਆ ਬਣਾਉਣ ਲਈ ਕਿਹਾ। ਤਿੰਨ ਟ੍ਰੀਟਮੈਂਟ ਪਲਾਟਾਂ ਵਿੱਚ ਨੇੜਲੇ ਪਿੰਡ ਵੱਲੋਂ ਪਾਏ ਜਾ ਰਹੇ ਪਾਣੀ ਬਾਬਤ ਉਨ੍ਹਾਂ ਬੀਡੀਪੀਓ ਨੂੰ ਬੁਲਾ ਕੇ ਹਦਾਇਤਾਂ ਕੀਤੀਆਂ ਕਿ ਪਿੰਡਾਂ ਦਾ ਪਾਣੀ ਤੁਰੰਤ ਬੰਦ ਕੀਤਾ ਜਾਵੇ। ਇਸ ਤੋਂ ਇਲਾਵਾ ਮਰੇ ਪਸ਼ੂਆਂ ਦਾ ਮੁੱਦਾ ਚੁੱਕਿਆ ਗਿਆ, ਜਿਸ ਲਈ ਦੋਰਾਹਾ ਦੇ ਮੁਰਦਾ ਪਸ਼ੂਆਂ ਨੂੰ ਲੁਧਿਆਣਾ ਦੇ ਮੁਰਦਾਘਾਟ ਵਿੱਚ ਭੇਜਣ ਲਈ ਕਿਹਾ ਗਿਆ। ਨਗਰ ਕੌਂਸਲ ਵੱਲੋਂ ਸ਼ਹਿਰ ਦੇ ਗੰਦੇ ਪਾਣੀ ਨੂੰ ਡਰੇਨ ਵਿੱਚ ਪਾਉਣ ਲਈ ਵੱਖ-ਵੱਖ ਵਿਭਾਗਾਂ ਦੀ ਦੇਖ-ਰੇਖ ਹੇਠ 13 ਕਰੋੜ ਦੇ ਬਜਟ ਦਾ ਐਸਟੀਮੇਟ ਲਾਇਆ ਗਿਆ, ਜਿਸ ਸਬੰਧੀ ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਜਲਦੀ ਹੀ ਸਰਕਾਰ ਨਾਲ ਗੱਲ ਕਰ ਕੇ ਇਸ ਪ੍ਰਾਜੈਕਟ ਨੂੰ ਨੇਪਰੇ ਚਾੜ੍ਹਿਆ ਜਾਵੇਗਾ। ਇਸ ਮੌਕੇ ਕੌਂਸਲ ਪ੍ਰਧਾਨ ਸੁਦਰਸ਼ਨ ਕੁਮਾਰ ਪੱਪੂ, ਦਲਵਿੰਦਰ ਕੌਰ ਤੇ ਸੁਖਦੇਵ ਸਿੰਘ ਆਦਿ ਹਾਜ਼ਰ ਸਨ।