ਖੇਤਰੀ ਪ੍ਰਤੀਨਿਧ
ਲੁਧਿਆਣਾ, 27 ਜਨਵਰੀ
ਸ਼ਹਿਰ ਦੀਆਂ ਵੱਖ ਵੱਖ ਸਿੱਖਿਆ ਸੰਸਥਾਵਾਂ ਨੇ 73ਵਾਂ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ। ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਵਿੱਚ ਗਣਤੰਤਰ ਦਿਵਸ ਮੌਕੇ ਉਪ ਕੁਲਪਤੀ ਡਾ. ਇੰਦਰਜੀਤ ਸਿੰਘ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਸਤਿਆਵਾਨ ਰਾਮਪਾਲ ਨੇ ਉਨ੍ਹਾਂ ਦਾਸਵਾਗਤ ਕੀਤਾ। ਇਸ ਮੌਕੇ ਵੱਖੋ ਵੱਖ ਕਲਾਤਮਿਕ ਗਤੀਵਿਧੀਆਂ ਵਿੱਚ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ। ਪੀਏਯੂ ਵਿੱਚ ਕਰਵਾਏ ਸਮਾਗਮ ਦੌਰਾਨ ਰਜਿਸਟਰਾਰ ਡਾ. ਸ਼ੰਮੀ ਕਪੂਰ ਨੇ ਝੰਡਾ ਲਹਿਰਾਇਆ। ਇਸੇ ਤਰ੍ਹਾਂ ਸਰਕਾਰੀ ਕਾਲਜ ਲੁਧਿਆਣਾ ਈਸਟ ਵਿਚ ਗਣਤੰਤਰ ਦਿਵਸ ਮੌਕੇ ਪ੍ਰਿੰਸੀਪਲ ਸੁਮਨ ਲਤਾ ਨੇ ਤਿਰੰਗਾ ਝੰਡਾ ਲਹਿਰਾਇਆ।
ਗੁਰੂਸਰ ਸੁਧਾਰ (ਪੱਤਰ ਪ੍ਰੇਰਕ): ਗਣਤੰਤਰ ਦਿਵਸ ਮੌਕੇ ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਵਿਚ ਕੌਮੀ ਝੰਡਾ ਲਹਿਰਾਇਆ ਗਿਆ। ਕਾਲਜ ਦੀ ਵਿਦਿਆਰਥਣਾਂ ਨੇ ਰਾਸ਼ਟਰ ਗਾਣ ਉਚਾਰਨ ਕੀਤਾ ਅਤੇ ਸਮਾਗਮ ਦੀ ਸ਼ੁਰੂਆਤ ਕਾਲਜ ਵਿਦਿਆਰਥੀਆਂ ਨੇ ‘ਦੇਹਿ ਸ਼ਿਵਾ ਬਰ ਮੋਹਿ ਇਹੈ’ ਸ਼ਬਦ ਗਾਇਣ ਤੋਂ ਕੀਤੀ ਗਈ। ਕੌਮੀ ਝੰਡਾ ਲਹਿਰਾਉਣ ਦੀ ਰਸਮ ਕਾਲਜ ਪ੍ਰਿੰਸੀਪਲ ਡਾ. ਅਵਿਨਾਸ਼ ਕੌਰ, ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਪਾਲ ਸਿੰਘ ਖੰਘੂੜਾ ਨੇ ਕੀਤੀ।
ਖੰੰਨਾ (ਨਿੱਜੀ ਪੱਤਰ ਪ੍ਰੇਰਕ): ਇਥੋਂ ਦੇ ਸੇਂਟ ਮਦਰ ਟੈਰੇਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ 75ਵਾਂ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਪ੍ਰਿੰਸੀਪਲ ਅੰਜੂ ਭਾਟੀਆ ਨੇ ਗਣਤੰਤਰ ਦਿਵਸ ਦੇ ਪਿਛੋਕੜ ਬਾਰੇ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੇ ਦੇਸ਼ ਭਗਤੀ ਨਾਲ ਸਬੰਧਤ ਪੀਪੀਟੀ, ਭਾਸ਼ਣ, ਗੀਤ ਤੇ ਕੁਇਜ਼ ਵਿਚ ਹਿੱਸਾ ਲਿਆ। ਚੇਅਰਮੈਨ ਸੁਰਿੰਦਰ ਸ਼ਾਹੀ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸੇ ਤਰ੍ਹਾਂ ਇਥੋਂ ਦੇ ਏਐੱਸ ਕਾਲਜ ਫ਼ਾਰ ਵਿਮੈਨ ਵਿੱਚ ਗਣਤੰਤਰ ਦਿਵਸ ਕਾਰਜਕਾਰੀ ਪ੍ਰਿੰਸੀਪਲ ਡਾ.ਪ੍ਰਭਜੀਤ ਕੌਰ ਦੀ ਅਗਵਾਈ ਹੇਠ ਮਨਾਇਆ ਗਿਆ।
ਮਾਛੀਵਾੜਾ (ਪੱਤਰ ਪ੍ਰੇਰਕ): ਸਥਾਨਕ ਨਗਰ ਕੌਂਸਲ ਦਫਤਰ ਦੇ ਵਿਹੜੇ ਵਿਚ ਮਨਾਏ ਗਏ ਗਣਤੰਤਰ ਦਿਵਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਨਗਰ ਕੌਂਸਲ ਪ੍ਰਧਾਨ ਸੁਰਿੰਦਰ ਕੁੰਦਰਾ ਨੇ ਅਦਾ ਕੀਤੀ। ਇਸ ਮੌਕੇ ਨਗਰ ਕੌਂਸਲ ਵੱਲੋਂ ਵਧੀਆ ਸੇਵਾਵਾਂ ਦੇਣ ਵਾਲੇ ਸੇਵਾਮੁਕਤ ਕਰਮਚਾਰੀ ਸੁਰਜੀਤ ਸਿੰਘ ਨਰੂਲਾ, ਸਾਹਿਤਕਾਰ ਰਘਵੀਰ ਸਿੰਘ ਭਰਤ, ਸੁਖਵਿੰਦਰ ਸੁੱਖੀ ਨੂੰ ਸਨਮਾਨਿਤ ਕੀਤਾ ਗਿਆ।
ਪਾਇਲ (ਪੱਤਰ ਪ੍ਰੇਰਕ): ਇੱਥੇ ਦਾਣਾ ਮੰਡੀ ਵਿੱਚ ਗਣਤੰਤਰ ਦਿਵਸ ਦਾ ਦਿਹਾੜਾ ਧੂਮ-ਧਾਮ ਨਾਲ ਮਨਾਇਆ ਗਿਆ । ਕੌਮੀ ਝੰਡਾ ਲਹਿਰਾਉਣ ਦੀ ਰਸਮ ਉਪ ਮੰਡਲ ਮੈਜਿਸਟਰੇਟ ਦੀਪਜੋਤ ਕੌਰ ਵੱਲੋਂ ਕੀਤੀ ਗਈ । ਇਸ ਮੌਕੇ ਜੱਜ ਏਕਤਾ ਸਹੋਤਾ ਅਤੇ ਚੀਨੂੰ ਸ਼ਰਮਾ ਵੱਲੋ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ ਗਈ । ਇਸ ਮੌਕੇ ਵੱਖ ਵੱਖ ਸਕੂਲਾਂ ਕਾਲਜਾਂ ਦੇ ਐੱਨਸੀਸੀ ਕੈਡਿਟਾਂ ਨੇ ਪਰੇਡ ਕੀਤੀ ।