ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 19 ਨਵੰਬਰ
ਨਰਮਦਾ ਬਚਾਓ ਅੰਦੋਲਨ ਦੀ ਤਰਜ਼ ’ਤੇ ਹੁਣ ਪੰਜਾਬ ’ਚ ਲੁਧਿਆਣਾ ਤੋਂ ਸਤਲੁਜ ਬਚਾਓ, ਪੰਜਾਬ ਬਚਾਓ ਅੰਦੋਲਨ ਦਾ ਆਗਾਜ਼ ਐਤਵਾਰ ਨੂੰ ਹੋਣ ਜਾ ਰਿਹਾ ਹੈ। ਇਸ ਦਿਨ ਨਰਮਦਾ ਬਚਾਓ ਅੰਦੋਲਨ ਦੀ ਆਗੂ ਮੇਧਾ ਪਾਟੇਕਰ ਲੁਧਿਆਣਾ ਪੁੱਜ ਰਹੀ ਹੈ। ਉਨ੍ਹਾਂ ਨੂੰ ਖਾਸ ਤੌਰ ’ਤੇ ਸਤਲੁਜ ਦਰਿਆ ’ਚ ਪਾਏ ਜਾਂਦੇ ਜ਼ਹਿਰੀਲੇ ਪਾਣੀ ਨੂੰ ਲੈ ਕੇ ਸੱਦਿਆ ਗਿਆ ਹੈ। ਉਹ ਖਾਸ ਤੌਰ ’ਤੇ ਸਤਲੁਜ ਦਰਿਆ ਨੂੰ ਬਚਾਉਣ ਲਈ ਬਣਾਈ ਗਈ ਪਬਲਿਕ ਐਕਸ਼ਨ ਕਮੇਟੀ ਫਾਰ ਸਤਲੁਜ ਤੇ ਮੱਤੇਵਾੜਾ ਜੰਗਲ ਦੇ ਸੱਦੇ ’ਤੇ ਆ ਰਹੇ ਹਨ। ਇਸ ਤੋਂ ਸਾਫ਼ ਹੈ ਕਿ ਆਗਾਮੀ ਵਿਧਾਨ ਸਭਾ ਚੋਣਾਂ ’ਚ ਇੱਕ ਵਾਰ ਫਿਰ ਤੋਂ ਬੁੱਢੇ ਦਰਿਆ ਨੂੰ ਚੋਣ ਮੁੱਦਾ ਬਣਾਇਆ ਜਾਵੇਗਾ।
ਸਨਅਤੀ ਸ਼ਹਿਰ ਵਿੱਚੋਂ ਲੰਘਣ ਵਾਲੇ ਬੁੱਢਾ ਦਰਿਆ ’ਚ ਡਿੱਗ ਰਹੇ ਸੀਵਰੇਜ, ਇੰਡਸਟਰੀ ਵੇਸਟ ਤੇ ਡੇਅਰੀਆਂ ਦੇ ਪਾਣੀ ਕਾਰਨ ਅੱਜ ਇਹ ਪਾਣੀ ਬੁਰੀ ਤਰ੍ਹਾਂ ਗੰਦਾ ਹੋ ਚੁੱਕਿਆ ਹੈ। ਇਸ ਦਾ ਜ਼ਹਿਰੀਲਾ ਪਾਣੀ ਅੱਗੇ ਜਾ ਕੇ ਸਤਲੁਜ ਦਰਿਆ ’ਚ ਮਿਲਦਾ ਹੈ, ਜੋ ਸਾਫ਼ ਪਾਣੀ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ। ਬੀਤੇ ਕਈ ਸਾਲਾਂ ਤੋਂ ਇਸ ਦੀ ਸਫ਼ਾਈ ਦਾ ਮੁੱਦਾ ਉਠਦਾ ਰਿਹਾ ਹੈ, ਪਰ ਹਾਲੇ ਤੱਕ ਇਸ ’ਚ ਕੁਝ ਨਹੀਂ ਹੋ ਸਕਿਆ।
ਕਾਂਗਰਸ ਸਰਕਾਰ ਨੇ ਹਾਲੇ 519 ਕਰੋੜ ਦੀ ਲਾਗਤ ਨਾਲ ਸਫ਼ਾਈ ਦੀ ਯੋਜਨਾ ਬਣਾਈ ਹੈ ਜਿਸ ’ਤੇ ਹਾਲੇ ਕਛੂ ਚਾਲ ਕੰਮ ਚੱਲ ਰਿਹਾ ਹੈ। ਸਨਅਤੀ ਸ਼ਹਿਰ ਦੀ ਪਬਲਿਕ ਐਕਸ਼ਨ ਕਮੇਟੀ ਫ਼ਾਰ ਸਤਲੁਜ ਐਂਡ ਮੱਤੇਵਾੜਾ ਜੰਗਲ ਨੇ ਹੁਣ ਇਸ ਮੁੱਦੇ ਨੂੰ ਚੁੱਕਣ ਦਾ ਫੈਸਲਾ ਲਿਆ ਹੈ। ਇਸ ਲਈ ਪੰਜਾਬ ਦੀਆਂ 32 ਸਮਾਜ ਸੇਵੀ ਜੱਥੇਬੰਦੀਆਂ ਨੂੰ ਇੱਕ ਮੰਚ ’ਤੇ ਇਕੱਠੇ ਕੀਤਾ ਗਿਆ ਹੈ। ਇਸ ’ਚ ਸੰਤ ਬਲਵੀਰ ਸਿੰਘ ਸੀਚੇਵਾਲ ਵੀ ਸ਼ਾਮਲ ਹਨ। ਸੰਸਥਾ ਦੇ ਮੈਂਬਰ ਜਸਕੀਰਤ ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਨਰਮਦਾ ਬਚਾਓ ਆਗੂ ਮੇਧਾ ਪਾਟੇਕਰ ਨੂੰ ਲੁਧਿਆਣਾ ਬੁਲਾਇਆ ਗਿਆ ਹੈ। ਹੁਣ ਸਤਲੁਜ ਬਚਾਓ ਪੰਜਾਬ ਬਚਾਓ ਦਾ ਨਾਅਰਾ ਦਿੱਤਾ ਗਿਆ ਹੈ। ਉਨ੍ਹਾਂ ਨੂੰ ਸਭ ਤੋਂ ਪਹਿਲਾਂ ਸਵੇਰੇ ਦਰਿਆ ’ਤੇ ਲਿਜਾਇਆ ਜਾਵੇਗਾ, ਉਨ੍ਹਾਂ ਨੂੰ ਦਿਖਾਇਆ ਜਾਵੇਗਾ ਕਿ ਬੁੱਢਾ ਦਰਿਆ ਕਿਵੇਂ ਹੁਣ ਸਤਲੁਜ ਨੂੰ ਦੂਸ਼ਿਤ ਕਰ ਰਿਹਾ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਮੱਤੇਵਾੜਾ ਜੰਗਲ ’ਚ ਲਿਜਾਇਆ ਜਾਵੇਗਾ। ਇਸ ਜੰਗਲ ਵਿੱਚ ਵੀ ਸਰਕਾਰ ਨੇ ਲਗਪਗ ਇੱਕ ਹਜ਼ਾਰ ਏਕੜ ਜ਼ਮੀਨ ’ਚ ਇੰਡਸਟਰੀ ਲਾਉਣ ਦਾ ਪ੍ਰਸਤਾਵ ਰੱਖਿਆ ਹੈ। ਇਸ ਨਾਲ ਇੱਕ ਹਜ਼ਾਰ ਏਕੜ ਦਾ ਜੰਗਲ ਨੁਕਸਾਨਿਆ ਜਾਵੇਗਾ, ਜਦੋਂ ਕਿ ਮਾਸਟਰ ਯੋਜਨਾ ’ਚ ਇਸ ਇਲਾਕੇ ’ਚ ਅਜਿਹਾ ਕੁਝ ਨਹੀਂ ਹੋ ਸਕਦਾ। ਸ਼ਾਮ ਸਮੇਂ ਮੇਧਾ ਪਾਟੇਕਰ ਆਮ ਲੋਕਾਂ ਨਾਲ ਰੂਬਰੂ ਹੋਣਗੇ ਜਿੱਥੇ ਲੋਕ ਉਨ੍ਹਾਂ ਨਾਲ ਇਸ ਮੁੱਦੇ ’ਤੇ ਗੱਲ ਕਰ ਸਕਦੇ ਹਨ।