ਗਗਨਦੀਪ ਅਰੋੜਾ
ਲੁਧਿਆਣਾ, 8 ਅਕਤੂਬਰ
ਇਥੇ ਪੰਜਾਬ ਦਾ ਸਭ ਤੋਂ ਉੱਚਾ 100 ਫੁੱਟ ਦਾ ਰਾਵਣ ਦਾ ਪੁਤਲਾ ਤਿਆਰ ਕੀਤਾ ਜਾ ਰਿਹਾ ਹੈ, ਜਿਸ ਵਿੱਚ ਸੈਂਕੜੇ ਮੀਟਰ ਕੱਪੜਾ ਤੇ ਕੁਇੰਟਲਾਂ ਦੇ ਹਿਸਾਬ ਨਾਲ ਬਾਕੀ ਸਮਾਨ ਵਰਤਿਆ ਜਾ ਰਿਹਾ ਹੈ। ਇਸ ਪੁਤਲੇ ਨੂੰ ਬਣਾਉਣ ਲਈ 14 ਸਾਲਾਂ ਤੋਂ ਮੁਸਲਿਮ ਪਰਿਵਾਰ ਲੁਧਿਆਣਾ ਆਉਂਦਾ ਹੈ। ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲੇ ਲੁਧਿਆਣਾ ਦੇ ਦਰੇਸੀ ਮੈਦਾਨ ਵਿੱਚ ਖਾਸ ਤੌਰ ’ਤੇ ਤਿਆਰ ਕੀਤੇ ਜਾਂਦੇ ਹਨ ਤੇ ਇੱਥੋਂ ਹੀ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਭੇਜੇ ਜਾਂਦੇ ਹਨ। ਅਸਗਰ ਅਲੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੂਰਾ ਪਰਿਵਾਰ ਇੱਥੇ ਆਉਂਦਾ ਹੈ ਤੇ ਰਾਵਣ ਬਣਾਉਣ ਦਾ ਕੰਮ ਕਰਦਾ ਹੈ। ਉਨ੍ਹਾਂ ਦਾ ਬਣਾਇਆ ਪੁਤਲਾ ਹੀ ਸ਼ਹਿਰ ’ਚ ਸਭ ਤੋਂ ਵੱਡੇ ਦੁਸਹਿਰੇ ਮੇਲੇ ਦਰੇਸੀ ਗਰਾਊਂਡ ’ਚ ਸਾੜਿਆ ਜਾਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦਾ ਪਰਿਵਾਰ ਉਪਕਾਰ ਨਗਰ, ਜਨਪਥ ਇਸਕਾਨ ਮੰਦਰ, ਦਰੇਸੀ, ਗਊਧਾਮ, ਰਾਜਗੁਰੂ ਨਗਰ ’ਚ ਵੀ ਪੁਤਲੇ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਪੇਸ਼ੇ ਤੋਂ ਸਿਵਲ ਇੰਜੀਨੀਅਰ ਹੈ ਤੇ ਦੁਸਹਿਰੇ ਵੇਲੇ ਰਾਵਣ ਬਣਾਉਣ ਦਾ ਕੰਮ ਕਰਦੇ ਹਨ। ਉਨ੍ਹਾਂ ਦੇ ਪਰਿਵਾਰ ਦੇ ਸਾਰੇ ਮੈਂਬਰ ਹੀ ਵੱਖ-ਵੱਖ ਥਾਂਵਾਂ ’ਤੇ ਰਾਵਣ ਦਾ ਪੁਤਲਾ ਬਣਾਉਣ ਦਾ ਕੰਮ ਕਰਦੇ ਹਨ।