ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 11 ਫਰਵਰੀ
ਨੇੜਲੇ ਪਿੰਡ ਗਾਲਬਿ ਕਲਾਂ ਦੇ ਪ੍ਰਾਇਮਰੀ ਸਕੂਲ ਨੂੰ ਕਿਸਾਨਾਂ ਵੱਲੋਂ ਬੱਚੇ ਨਾਲ ਲਿਜਾ ਕੇ ਜਬਰਨ ਖੁਲ੍ਹਵਾਉਣ ਮੌਕੇ ਤਣਾਅ ਪੈਦਾ ਹੋ ਗਿਆ। ਇਸ ਕਰਕੇ ਸਕੂਲ ਅੱਗੇ ਧਰਨਾ ਵੀ ਲੱਗਿਆ ਅਤੇ ਸਟਾਫ਼ ਦਾ ਘਿਰਾਓ ਵੀ ਕੀਤਾ ਗਿਆ। ਸਥਿਤੀ ਤਣਾਅਪੂਰਨ ਹੋਣ ਕਰਕੇ ਪੁਲੀਸ ਪ੍ਰਸ਼ਾਸਨ ਨੂੰ ਮੌਕੇ ’ਤੇ ਪਹੁੰਚਣਾ ਪਿਆ ਤੇ ਪ੍ਰਸ਼ਾਸਨ ਦੇ ਦਖ਼ਲ ਤੋਂ ਬਾਅਦ ਹੀ ਧਰਨਾ ਚੁੱਕਿਆ ਗਿਆ। ਵੇਰਵਿਆਂ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਅੱਜ ਸਵੇਰੇ ਸਕੂਲ ਵਿਖੇ ਬੱਚੇ ਲੈ ਕੇ ਪਹੁੰਚੇ ਤੇ ਸਕੂਲ ਖੁਲ੍ਹਵਾ ਦਿੱਤਾ। ਵੱਡੀ ਤਾਦਾਦ ’ਚ ਉਨ੍ਹਾਂ ਮਾਪਿਆਂ ਸਮੇਤ ਸਕੂਲ ਦੇ ਗੇਟ ਅੱਗੇ ਧਰਨਾ ਲੱਗਾ ਦਿੱਤਾ ਪਰ ਸਥਿਤੀ ਉਸ ਸਮੇਂ ਤਣਾਅਪੂਰਨ ਹੋਈ ਜਦੋਂ ਕਿਸਾਨਾਂ ਤੇ ਬੱਚਿਆਂ ਦੇ ਮਾਪਿਆਂ ਨੇ ਛੁੱਟੀ ਸਮੇਂ ਸਕੂਲ ਅਧਿਆਪਕਾਂ ਦਾ ਘਿਰਾਓ ਕਰ ਲਿਆ।
ਧਰਨਾਕਾਰੀਆਂ ਨੇ ਅਧਿਆਪਕਾਂ ਨੂੰ ਜਾਣ ਤੋ ਰੋਕ ਲਿਆ ਤੇ ਇਕ ਤਰ੍ਹਾਂ ਨਾਲ ਸਕੂਲ ’ਚ ਤਾੜ ਲਿਆ। ਉਨ੍ਹਾਂ ‘ਦੇਖੋ ਸਰਕਾਰ ਦੇ ਪੁੱਠੇ ਕੰਮ, ਠੇਕੇ ਖੁੱਲ੍ਹੇ ਤੇ ਸਕੂਲ ਬੰਦ’ ਦੇ ਨਾਅਰੇ ਬਲੁੰਦ ਕਰ ਦਿੱਤੇ। ਸਕੂਲ ਮੱਖੀ ਸੁਖਦੇਵ ਸਿੰਘ ਨੇ ਕਿਹਾ ਕਿ ਸਰਕਾਰ ਤੇ ਮਹਿਕਮੇ ਦੀਆਂ ਹਦਾਇਤਾਂ ਅਨੁਸਾਰ ਅਧਿਆਪਕ ਸਕੂਲਾਂ ’ਚ ਬੱਚਿਆਂ ਨੂੰ ਪੜ੍ਹਾਈ ਨਹੀ ਕਰਵਾ ਸਕਦੇ। ਜਦੋਂ ਸਿੱਖਿਆ ਵਿਭਾਗ ਵੱਲੋਂ ਬੱਚਿਆਂ ਨੂੰ ਪੜ੍ਹਾਈ ਕਰਵਾਉਣ ਦਾ ਕੋਈ ਹੁਕਮ ਆਵੇਗਾ ਤਾਂ ਅਧਿਆਪਕ ਬੱਚਿਆਂ ਨੂੰ ਸਕੂਲਾਂ ’ਚ ਪੜ੍ਹਾਉਣਗੇ। ਕਾਫੀ ਰੌਲੇ ਰੱਪੇ ਤੋਂ ਬਾਅਦ ਪੁਲੀਸ ਅਧਿਕਾਰੀਆਂ ਨੇ ਆ ਕੇ ਅਧਿਆਪਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਯੂਨੀਅਨ ਦੇ ਆਗੂ ਅਤੇ ਮਾਪੇ ਇਸ ਗੱਲ ’ਤੇ ਅੜ ਗਏ ਕਿ ਜਦ ਤੱਕ ਬੱਚਿਆਂ ਦੀ ਪੜ੍ਹਾਈ ਕਰਵਾਉਣ ਸਬੰਧੀ ਕੋਈ ਉੱਚ ਅਧਿਕਾਰੀ ਹਾਮੀ ਨਹੀਂ ਭਰਦਾ, ਉਸ ਸਮੇਂ ਤੱਕ ਅਧਿਆਪਕਾਂ ਨੂੰ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ।
ਸਕੂਲ ਮੁਖੀ ਸੁਖਦੇਵ ਸਿੰਘ ਨੇ ਬਲਾਕ ਸਿੱਖਿਆ ਅਫ਼ਸਰ ਸੁਖਵੀਰ ਕੌਰ ਤੇ ਐੱਸਡੀਐੱਮ ਜਗਰਾਉਂ ਵਿਕਾਸ ਹੀਰਾ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ। ਬਾਅਦ ’ਚ ਕਿਸਾਨ ਯੂਨੀਅਨ ਦੇ ਆਗੂ ਦਰਸ਼ਨ ਸਿੰਘ ਗਾਲਬਿ ਨਾਲ ਗੱਲ ਕਰਵਾਈ ਤਾਂ ਐੱਸਡੀਐੱਮ ਨੇ ਵਿਸ਼ਵਾਸ ਦਿਵਾਇਆ ਕਿ ਸੋਮਵਾਰ ਤੋਂ ਬੱਚਿਆਂ ਨੂੰ ਪੜ੍ਹਾਈ ਕਰਾਉਣ ਸਬੰਧੀ ਆਪਸੀ ਮੀਟਿੰਗ ਕਰ ਕੇ ਕੋਈ ਹੱਲ ਕੱਢਿਆ ਜਾਵੇਗਾ। ਇਸ ਭਰੋਸੇ ਮਗਰੋਂ ਹੀ ਕਿਸਾਨਾਂ ਤੇ ਮਾਪਿਆਂ ਨੇ ਅਧਿਆਪਕਾਂ ਨੂੰ ਬਾਹਰ ਜਾਣ ਦਿੱਤਾ।
ਧਰਨੇ ’ਚ ਬੀਕੇਯੂ ਆਗੂ ਪਰਿਵਾਰ ਸਿੰਘ ਗਾਲਬਿ, ਦਰਸ਼ਨ ਸਿੰਘ ਗਾਲਬਿ, ਪਰਮਿੰਦਰ ਸਿੰਘ ਪਿੰਕਾ, ਦਵਿੰਦਰ ਸਿੰਘ ਜਨੇਤਪੁਰੀਆ, ਪੰਡਡ ਜਗਨਨਾਥ ਸੰਗਰਾਓ, ਰਣਜੀਤ ਸਿੰਘ ਬਰਾੜ, ਸੁਖਦੇਵ ਸਿੰਘ ਚਾਹਲ, ਪੰਚ ਗੁਰਚਰਨ ਸਿੰਘ ਗਿਆਨੀ, ਹਰਿੰਦਰ ਸਿੰਘ ਚਾਹਲ, ਨੰਬਰਦਾਰ ਪਰਮਜੀਤ ਸਿੰਘ ਨੇ ਚਿਤਾਵਨੀ ਦਿੱਤੀ ਕਿ ਸੋਮਵਾਰ ਨੂੰ ਸਕੂਲ ’ਚ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਪੜ੍ਹਾਏ ਨਾ ਜਾਣ ’ਤੇ ਵੱਡਾ ਇਕੱਠ ਕਰਕੇ ਤਿੱਖਾ ਸੰਘਰਸ਼ ਕੀਤਾ ਜਾਵੇਗਾ ਤੇ ਅਧਿਆਪਕਾਂ ਨੂੰ ਤਾੜ ਕੇ ਰੱਖਿਆ ਜਾਵੇਗਾ।