ਡੀਪੀਐੱਸ ਬੱਤਰਾ
ਸਮਰਾਲਾ, 12 ਜੁਲਾਈ
ਪੰਜਾਬ ਵਿੱਚ ਗੈਰ-ਕਾਨੂੰਨੀ ਤੌਰ ’ਤੇ ਚੱਲ ਰਹੇ ਜੁਗਾੜੂ ਰੇਹੜਿਆਂ ਨੂੰ ਤੁਰੰਤ ਬੰਦ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਅੱਜ ਆਲ ਪੰਜਾਬ ਟੈਂਪੁੂ ਯੂਨੀਅਨ ਦੇ ਸੱਦੇ ’ਤੇ ਟੈਂਪੂ ਯੂਨੀਅਨਾਂ ਨੇ ਅੱਜ ਇੱਥੇ ਘੁਲਾਲ ਟੌਲ ਪਲਾਜ਼ਾ ’ਤੇ ਧਰਨਾ ਦਿੱਤਾ। ਇਸ ਦੌਰਾਨ ਧਰਨਾਕਾਰੀਆਂ ਨੇ ਮੰਗ ਕੀਤੀ ਗਈ ਹੈ, ਕਿ ਸਰਕਾਰ ਇਨ੍ਹਾਂ ਜੁਗਾੜੂ ਮੋਟਰਸਾਈਕਲ ਰੇਹੜਿਆਂ ’ਤੇ ਤੁਰੰਤ ਸਖ਼ਤੀ ਨਾਲ ਪਾਬੰਦੀ ਲਾ ਕੇ ਇਨ੍ਹਾਂ ਨੂੰ ਬੰਦ ਕਰਵਾਏ। ਇਨਾਂ ਧਰਨਕਾਰੀ ਟੈਂਪੂ ਚਾਲਕਾਂ ਦਾ ਦੋਸ਼ ਸੀ ਕਿ, ਹਾਈ ਕੋਰਟ ਵੱਲੋਂ ਪਹਿਲਾਂ ਹੀ ਇਨ੍ਹਾਂ ਜੁਗਾੜੂ ਰੇਹੜਿਆਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹੋਏ ਹਨ, ਪਰ ਸਰਕਾਰ ਜਾਣਬੁੱਝ ਕੇ ਇਨ੍ਹਾਂ ਨੂੰ ਢਿੱਲ ਦੇ ਰਹੀ ਹੈ। ਘੁਲਾਲ ਟੌਲ ਪਲਾਜ਼ਾ ’ਤੇ ਲਗਾਏ ਗਏ ਧਰਨੇ ਵਿੱਚ ਟੈਂਪੂ ਯੂਨੀਅਨ (ਛੋਟਾ ਹਾਥੀ) ਸਮਰਾਲਾ, ਟੈਂਪੂ ਯੂਨੀਅਨ ਮਾਛੀਵਾੜਾ, ਟੈਂਪੂ ਯੂਨੀਅਨ ਦੋਰਾਹਾ ਅਤੇ ਟੈਂਪੂ ਯੂਨੀਅਨ ਖਮਾਣੋਂ ਸਮੇਤ ਆਸ-ਪਾਸ ਦੇ ਕਈ ਹੋਰ ਇਲਾਕਿਆਂ ਤੋਂ ਟੈਂਪੂ ਚਾਲਕਾਂ ਨੇ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ਜੀਪ ਪਿਕਅੱਪ ਅਤੇ ਟਾਟਾ ਏਸ ਗੱਡੀਆਂ ਦੇ ਚਾਲਕ ਵੀ ਧਰਨੇ ਵਿੱਚ ਸ਼ਾਮਲ ਹੋਏ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਟੈਂਪੂ ਯੂਨੀਅਨ ਦੇ ਆਗੂਆਂ ਰਾਜ ਕੁਮਾਰ ਸਮਰਾਲਾ, ਚਰਨਜੀਤ ਸਿੰਘ ਮਾਛੀਵਾੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਜੁਗਾੜੂ ਰੇਹੜਿਆਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਸੀ, ਪਰ ਬਾਅਦ ਵਿੱਚ ਇਸ ਨੂੰ ਵਾਪਸ ਲੈ ਲਿਆ ਗਿਆ ਹੈ। ਲੋਕਾਂ ਲਈ ਜਾਨ ਦਾ ਖੋਅ ਬਣੇ ਇਹ ਜੁਗਾੜੂ ਰੇਹੜੇ ਸਰਕਾਰ ਨੂੰ ਟੈਕਸ ਭਰ ਰਹੇ ਟੈਂਪੂ ਚਾਲਕਾਂ ਦੇ ਪਰਿਵਾਰਾਂ ਦੀ ਰੋਜ਼ੀ-ਰੋਟੀ ਨੂੰ ਸੱਟ ਮਾਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਹ ਪੰਜਾਬ ਦੀਆਂ ਸੜਕਾਂ ’ਤੇ ਚੱਲਣੇ ਬੰਦ ਨਹੀਂ ਹੋ ਜਾਂਦੇ ਸੰਘਰਸ਼ ਜਾਰੀ ਰਹੇਗਾ। ਇਸ ਦੌਰਾਨ ਧਰਨਾਕਾਰੀ ਟੈਂਪੂ ਚਾਲਕਾਂ ਵੱਲੋਂ ਲੁਧਿਆਣਾ-ਚੰਡੀਗੜ੍ਹ ਹਾਈਵੇਅ ’ਤੇ ਆਵਾਜਾਈ ਵੀ ਠੱਪ ਕਰ ਦਿੱਤੀ ਗਈ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਸਥਾਨਕ ਪੁਲੀਸ ਪ੍ਰਸ਼ਾਸਨ ਨੂੰ ਇਨਾਂ ਜੁਗਾੜੂ ਰੇਹੜਿਆਂ ਨੂੰ ਬੰਦ ਕਰਨ ਦੀ ਮੰਗ ਨੂੰ ਲੈ ਕੇ ਮੰਗ ਪੱਤਰ ਵੀ ਸੌਂਪਿਆ ਗਿਆ। ਬਾਅਦ ਵਿੱਚ ਸਥਾਨਕ ਐੱਸਡੀਐੱਮ ਰਾਹੀ ਸਰਕਾਰ ਨੂੰ ਭੇਜਣ ਲਈ ਮੰਗ ਪੱਤਰ ਅਧਿਕਾਰੀਆਂ ਨੂੰ ਸੌਂਪਿਆ ਗਿਆ ।