ਖੇਤਰੀ ਪ੍ਰਤੀਨਿਧ
ਲੁਧਿਆਣਾ, 16 ਅਕਤੂਬਰ
ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਦੇ ਪੋਸਟ ਗ੍ਰੈਜੂਏਟ ਕੰਪਿਊਟਰ ਸਾਇੰਸ ਵਿਭਾਗ ਵਲੋਂ ‘ਟੈਕਨੋਥੋਨ 2022’ ਕਰਵਾਇਆ ਗਿਆ, ਜਿਸ ਵਿੱਚ 18 ਕਾਲਜਾਂ ਅਤੇ 15 ਸਕੂਲਾਂ ਦੇ 300 ਵਿਦਿਆਰਥੀਆਂ ਨੇ 9 ਵੱਖ-ਵੱਖ ਮੁਕਾਬਲਿਆਂ ਜਿਵੇਂ ਸਵਿਫਟ ਸਰਫਰ, ਲੋਗੋ ਡਿਜ਼ਾਈਨਿੰਗ, ਈ-ਪੋਸਟਰ, ਕੋਡ ਡੀਬਗਿੰਗ, ਆਈਟੀ ਕੁਇੱਜ਼, ਟਾਈਪਿੰਗ, ਵੈੱਬਸਾਈਟ ਡਿਜ਼ਾਈਨਿੰਗ, ਫੋਟੋਗ੍ਰਾਫੀ ਅਤੇ ਕੋਡ ਡਿਵੈਲਪਮੈਂਟ ਵਿੱਚ ਭਾਗ ਲਿਆ। ਕਾਲਜ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਨੇ ਕਿਹਾ ਕਿ ਇਸ ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨਾ, ਵਿਗਿਆਨ ਅਤੇ ਤਕਨਾਲੋਜੀ ਪ੍ਰਤੀ ਉਤਸੁਕਤਾ ਪੈਦਾ ਕਰਨਾ ਹੈ। ਜੀਐਨਡੀਯੂ ਅੰਮ੍ਰਿਤਸਰ ਵਾਈਸ ਚਾਂਸਲਰ ਦੇ ਓਐਸਡੀ ਡਾ. ਹਰਦੀਪ ਸਿੰਘ ਨੇ ਇਨਾਮ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਗੁੱਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਡਾ. ਐਸ.ਪੀ. ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹਰਮੀਤ ਕੌਰ, ਜਤਿਨ ਅਰੋੜਾ ਤੇ ਡਾ. ਅਨਿਲ ਕੁਮਾਰ ਮਾਹਿਰਾਂ ਨੇ ਜੱਜਾਂ ਦੀ ਭੂਮਿਕਾ ਨਿਭਾਈ।