ਅਧਿਆਪਕ ਦਿਵਸ ’ਤੇ ਜਤਾਇਆ ਰੋਸ; ਅਧਿਆਪਕਾਂ ਨੂੰ ਤੰਗ ਕਰਨ ਦੇ ਦੋਸ਼ ਲਾਏ
ਸਤਵਿੰਦਰ ਬਸਰਾ /ਖੇਤਰੀ ਪ੍ਰਤੀਨਿਧ
ਲੁਧਿਆਣਾ, 5 ਸਤੰਬਰ
ਲੁਧਿਆਣਾ ਜ਼ਿਲ੍ਹੇ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਅੱਜ ਅਧਿਆਪਕ ਦਿਵਸ ਦੇ ਮੌਕੇ ’ਤੇ ਡਿਪਟੀ ਡੀਈਓ ਕੁਲਦੀਪ ਸੈਣੀ ਤੇ ਕਲਰਕ ਹਰਮਿੰਦਰ ਰੋਮੀ ਨੂੰ ਬਰਖਾਸਤ ਨਾ ਕਰਨ ’ਤੇ ਰੋਸ ਪ੍ਰਗਟ ਕੀਤਾ ਗਿਆ ਜਿਸ ਵਿੱਚ ਯੂਨੀਅਨ ਆਗੂਆਂ ਤੇ ਅਧਿਆਪਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਫੋਕੇ ਸਨਮਾਨ ਨਹੀਂ ਚਾਹੀਦੇ ਸਗੋਂ ਬਣਦਾ ਸਨਮਾਨ ਮਿਲਣਾ ਚਾਹੀਦਾ ਹੈ। ਲੁਧਿਆਣੇ ਜ਼ਿਲ੍ਹੇ ਦੇ ਡਿਪਟੀ ਡੀਈਓ ਕੁਲਦੀਪ ਸੈਣੀ ਤੇ ਕਲਰਕ ’ਤੇ ਦੋਸ਼ ਲੱਗੇ ਹਨ ਕਿ ਉਨ੍ਹਾਂ ਵੱਲੋਂ ਸੁਪਨਦੀਪ ਕੌਰ ਨੂੰ ਸਕੂਲ ਵਿੱਚ ਬੱਚਿਆਂ ਅਤੇ ਆਮ ਜਨਤਾ ਦੇ ਸਾਹਮਣੇ ਅਪਸ਼ਬਦ ਬੋਲੇ ਗਏ ਤੇ ਬਦਸਲੂਕੀ ਕੀਤੀ ਗਈ। ਅੱਜ ਦੇ ਇਸ ਪ੍ਰੋਗਰਾਮ ਵਿਚ ਡਿਪਟੀ ਡੀਈਓ ਸੈਣੀ ਨੂੰ ਰੋਕਣ ਲਈ ਯੂਨੀਅਨਾਂ ਵੱਲੋਂ ਸਖ਼ਤ ਵਿਰੋਧ ਦਰਜ ਕਰਵਾਇਆ ਗਿਆ। ਅਧਿਆਪਕ ਆਗੂਆਂ ਨੇ ਕਿਹਾ ਕਿ ਸਾਰਾ ਸਾਲ ਅਧਿਆਪਕਾਂ ਨੂੰ ਲਗਾਤਾਰ ਮਾਨਸਿਕ, ਸਰੀਰਕ ਤੌਰ ’ਤੇ ਅਜਿਹੇ ਅਧਿਕਾਰੀ ਪਰੇਸ਼ਾਨ ਕਰਦੇ ਰਹਿਣ ਤੇ ਅਧਿਆਪਕ ਦਿਵਸ ’ਤੇ ਫੋਕੇ ਸਨਮਾਨ ਦਿੱਤੇ ਜਾਣ, ਇਹ ਉਨ੍ਹਾਂ ਨੂੰ ਮਨਜ਼ੂਰ ਨਹੀਂ। ਅਧਿਆਪਕਾਂ ਨੇ ਕਿਹਾ ਕਿ ਇਸ ਡਿਪਟੀ ਡੀਈਓ ’ਤੇ ਅਧਿਆਪਕਾਂ ਨੂੰ ਲਗਾਤਾਰ ਪਰੇਸ਼ਾਨ ਕਰਨ, ਮਾਨਸਿਕ ਤੌਰ ਤੇ ਸਰੀਰਕ ਤੌਰ ’ਤੇ ਪਰੇਸ਼ਾਨ ਕਰਨ ਦੀਆਂ ਸ਼ਿਕਾਇਤਾਂ ਤੇ ਰਿਸ਼ਵਤ ਦੇ ਦੋਸ਼ ਲੱਗ ਰਹੇ ਹਨ ਪਰ ਕੋਈ ਕਾਰਵਾਈ ਨਹੀਂ ਹੋਈ। ਯੂਨੀਅਨ ਆਗੂਆਂ ਨੇ ਕਿਹਾ ਕਿ ਜੇਕਰ ਡਿਪਟੀ ਡੀਈਓ ਨੂੰ ਤੇ ਕਲਰਕ ਹਰਿਮੰਦਰ ਰੋਮੀ ਨੂੰ ਬਰਖਾਸਤ ਨਾ ਕੀਤਾ ਗਿਆ ਤਾਂ ਸਮੁੱਚੇ ਜ਼ਿਲ੍ਹੇ ਦੇ ਅਧਿਆਪਕਾਂ ਵੱਲੋਂ 9 ਸਤੰਬਰ ਨੂੰ ਸਮੂਹ ਜ਼ਿਲ੍ਹੇ ਦੇ ਸਕੂਲਾਂ ਨੂੰ ਬੰਦ ਕਰਕੇ ਜ਼ਿਲ੍ਹਾ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ ਤੇ ਪੰਜਾਬ ਭਰ ਵਿਚ ਵੱਡੇ ਪੱਧਰ ’ਤੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਧਰਮਜੀਤ ਸਿੰਘ ਢਿੱਲੋਂ, ਸਤਵੀਰ ਸਿੰਘ ਰੌਣੀ, ਬਲਰਾਜ ਘਲੋਟੀ, ਜਗਜੀਤ ਸਿੰਘ ਸਾਹਨੇਵਾਲ, ਸੁਖਪਾਲ ਸਿੰਘ ਧਰੌੜ, ਕੁਲਜਿੰਦਰ ਸਿੰਘ ਬੱਦੋਵਾਲ, ਹਰਦੀਪ ਸਿੰਘ ਬਾਹੋਮਾਜਰਾ, ਦਵਿੰਦਰ ਸਿੰਘ ਗੁਰੂ, ਪਰਮਿੰਦਰ ਚੌਹਾਨ, ਨਵਦੀਪ ਸਿੰਘ, ਦਵਿੰਦਰ ਸਿੰਘ ਬੌਬੀ, ਸੁਖਦੇਵ ਸਿੰਘ ਹਠੂਰੀਆ, ਪ੍ਰਿਅੰਕਾ, ਰਾਜਿੰਦਰ ਕੌਰ, ਪਰਮਜੀਤ ਕੌਰ, ਸਤਵਿੰਦਰ ਕੌਰ, ਨਵਦੀਪ ਕੌਰ, ਪ੍ਰੇਮ ਦੀਪ ਕੌਰ, ਹਰਮਨਪ੍ਰੀਤ ਕੌਰ, ਤਰਨਜੀਤ ਕੌਰ, ਸਰਬਜੀਤ ਕੌਰ, ਹਰਜਿੰਦਰ ਕੌਰ, ਸੁਖਬੀਰ ਕੌਰ ਹਾਜ਼ਰ ਸਨ।
ਬਾਕਸ:
ਡਿਪਟੀ ਡੀਈਓ ਨੇ ਦੋਸ਼ ਨਕਾਰੇ
ਡਿਪਟੀ ਡੀਈਓ ਕੁਲਦੀਪ ਸੈਣੀ ਨੇ ਇਸ ਗੱਲ ਨੂੰ ਸਿਰੇ ਤੋਂ ਨਕਾਰਿਆ ਕਿ ਉਨ੍ਹਾਂ ਨੇ ਕਿਸੇ ਅਧਿਆਪਕ ਨੂੰ ਜ਼ਲੀਲ ਕੀਤਾ ਹੈ।
ਕੈਪਸ਼ਨ: ਡਿਪਟੀ ਡੀ ਈ ਓ ਅਤੇ ਕਲਰਕ ਨੂੰ ਬਰਖਾਸਤ ਕਰਨ ਦੀ ਮੰਗ ਕਰਦੇ ਹੋਏ ਅਧਿਆਪਕ।-ਫੋਟੋ: ਬਸਰਾ