ਨਿੱਜੀ ਪੱਤਰ ਪ੍ਰੇਰਕ
ਖੰਨਾ, 2 ਜੁਲਾਈ
ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਸੱਦੇ ਅੱਜ ਸਤਵੀਰ ਸਿੰਘ ਰੌਣੀ ਅਤੇ ਸੁਖਦੇਵ ਸਿੰਘ ਬੈਨੀਪਾਲ ਦੀ ਅਗਵਾਈ ਹੇਠਾਂ ਅਧਿਆਪਕਾਂ ਨੇ ਪੇਅ ਕਮਿਸ਼ਨ ਰਿਪੋਰਟ ਦੀਆਂ ਕਾਪੀਆਂ ਸਾੜੀਆਂ ਅਤੇ ਏ.ਡੀ.ਸੀ ਸਕੱਤਰ ਸਿੰਘ ਬੱਲ ਨੂੰ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਸੌਂਪਿਆ। ਉਪਰੋਕਤ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਵਿਭਾਗ ’ਚ ਕੰਮ ਕਰਦੇ ਕੱਚੇ ਅਧਿਆਪਕਾਂ ਨੂੰ ਬਿਨਾਂ ਸ਼ਰਤ ਰੈਗੂਲਰ ਕੀਤਾ ਜਾਵੇ ਅਤੇ ਵਾਅਦੇ ਅਨੁਸਾਰ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਲਾਗੂ ਕੀਤੀ ਜਾਵੇ। ਈਟੀਯੂ ਆਗੂਆਂ ਨੇ ਕਿਹਾ ਕਿ ਛੇਵਾਂ ਪੇਅ ਕਮਿਸ਼ਨ ਤੇ ਵਿੱਤ ਮੰਤਰੀ ਨੇ ਪ੍ਰਾਇਮਰੀ ਅਧਿਆਪਕਾਂ ਨੂੰ ਪਿਛਲੀ ਸਰਕਾਰ ਵੱਲੋਂ ਦਿੱਤੇ ਪੇਅ-ਗ੍ਰੇਡ ਨੂੰ ਖੋਹਿਆ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਪੇਅ-ਸਕੇਲ ਘਟਾ ਕੇ ਦੇਣਾ ਅਤਿ ਨਿੰਦਣਯੋਗ ਹੈ। ਇਸ ਮੌਕੇ ਪਰਮਿੰਦਰ ਸਿੰਘ ਚੌਹਾਨ, ਜਗਰੂਪ ਸਿੰਘ, ਹਰਦੀਪ ਸਿੰਘ, ਅਮਨ ਸ਼ਰਮਾ, ਗੁਰਜੀਤ ਸਿੰਘ, ਮੰਨਾ ਸਿੰਘ, ਕਿਰਨਜੀਤ ਕੌਰ, ਸੁਧਾ ਮਹਿਤਾ, ਅਮਨਦੀਪ ਕੌਰ, ਨੀਲਮ ਸਪਨਾ, ਕੁਲਵੀਰ ਕੌਰ, ਨਰਿੰਦਰ ਕੌਰ, ਰਛਪਾਲ ਕੌਰ, ਨਵਦੀਪ ਸਿੰਘ, ਰਾਜਨ ਸਿੰਘ ਆਦਿ ਹਾਜ਼ਰ ਸਨ।
ਬੀਡੀਪੀਓ ਸਟਾਫ ਵੱਲੋਂ ਹੜਤਾਲ
ਰਾਏਕੋਟ (ਪੱਤਰ ਪ੍ਰੇਰਕ): ਸਥਾਨਕ ਬੀਡੀਪੀਓ ਦਫ਼ਤਰ ਨਾਲ ਸਬੰਧਤ ਸਟਾਫ ਵੱਲੋਂ ਕੰਮ ਬੰਦ ਕਰਕੇ ਪੂਰਨ ਤੌਰ ’ਤੇ ਹੜਤਾਲ ਕੀਤੀ ਗਈ ਅਤੇ ਸੂਬਾ ਸਰਕਾਰ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਲਾਗੂ ਕੀਤੇ ਪੇਅ ਕਮਿਸ਼ਨ ਦੇ ਵਿਰੋਧ ’ਚ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸਕੱਤਰ ਕੇਵਲ ਸਿੰਘ, ਬਲਜੀਤ ਸਿੰਘ ਬੱਗਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸੂਬਾ ਸਰਕਾਰ ਵੱਲੋਂ ਜੋ ਪੇਅ ਕਮਿਸ਼ਨ ਲਾਗੂ ਕੀਤਾ ਗਿਆ ਹੈ ਉਹ ਮੁਲਾਜ਼ਮ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਪੇਅ ਕਮਿਸ਼ਨ ਲਾਗੂ ਹੋਣ ਨਾਲ ਭੱਤੇ ਵਧਣ ਦੀ ਥਾਂ ਘਟ ਗਏ ਹਨ, ਜਿਸ ਕਾਰਨ ਸਾਰੇ ਵਿਭਾਗਾਂ ਦੇ ਮੁਲਾਜ਼ਮਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਕੱਤਰ ਕੇਵਲ ਸਿੰਘ ਨੇ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ, ਪੇਅ ਕਮਿਸ਼ਨ ਅਜੈਬ ਸਿੰਘ ਗਿੱਲ ਵਾਲੀ ਰਿਪੋਰਟ ਨੂੰ ਲਾਗੂ ਕਰਨ ਸਮੇਤ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ, ਉਦੋਂ ਤੱਕ ਬੀਡੀਪੀਓ ਦਫ਼ਤਰ ਨਾਲ ਸਬੰਧਤ ਸਟਾਫ ਦੀ ਹੜਤਾਲ ਇਸੇ ਤਰ੍ਹਾਂ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਜੇਕਰ ਸੂਬਾ ਸਰਕਾਰ ਨੇ ਉਨ੍ਹਾਂ ਦੀਆਂ ਇਨ੍ਹਾਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ।