ਖੇਤਰੀ ਪ੍ਰਤੀਨਿਧ
ਲੁਧਿਆਣਾ, 9 ਅਕਤੂਬਰ
ਕੰਪਿਊਟਰ ਅਧਿਆਪਕਾਂ ਦੀਆਂ ਵਿਧਾਨ ਸਭਾ ਚੋਣਾਂ 2022 ਦਾ ਐਲਾਨ ਹੋਣ ਤੋਂ ਬਹੁਤ ਸਮਾਂ ਪਹਿਲਾਂ ਡਿਊਟੀਆਂ ਲਗਾਉਣ ਦੀ ਡੈਮੋਕਰੇਟਿਕ ਟੀਚਰਜ਼ ਫਰੰਟ ਲੁਧਿਆਣਾ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਤੁਰੰਤ ਡਿਊਟੀਆਂ ਰੱਦ ਕਰਨ ਦੀ ਮੰਗ ਕੀਤੀ ਹੈ। ਜ਼ਿਲ੍ਹਾ ਜਨਰਲ ਸਕੱਤਰ ਰੁਪਿੰਦਰਪਾਲ ਗਿੱਲ ਅਤੇ ਮੀਤ ਪ੍ਰਧਾਨ ਰਮਨਜੀਤ ਸੰਧੂ ਨੇ ਦੱਸਿਆ ਕਿ ਪਹਿਲਾਂ ਲੰਮਾ ਸਮਾਂ ਕੋਵਿਡ ਕਾਰਨ ਸਕੂਲ ਬੰਦ ਰਹੇ ਜਿਸ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋਇਆ। ਕੋਵਿਡ ਦਾ ਕਹਿਰ ਘਟਣ ਕਾਰਨ ਇਸ ਸਾਲ 2 ਅਗਸਤ ਤੋਂ ਸਕੂਲਾਂ ਵਿੱਚ ਰੈਗੂਲਰ ਪੜ੍ਹਾਈ ਸ਼ੁਰੂ ਹੋਈ ਹੈ। ਕੋਵਿਡ ਦੌਰਾਨ ਬਾਕੀ ਅਧਿਆਪਕਾਂ ਦੇ ਨਾਲ-ਨਾਲ ਕੰਪਿਊਟਰ ਅਧਿਆਪਕਾਂ ਦੀਆਂ ਡਿਊਟੀਆਂ ਵੀ ਵੱਡੀ ਗਿਣਤੀ ਵਿੱਚ ਲਗਾਈਆਂ ਗਈਆਂ ਸਨ। ਉਸ ਸਮੇਂ ਦੇ ਪੜ੍ਹਾਈ ਦੇ ਹੋਏ ਨੁਕਸਾਨ ਨੂੰ ਹੁਣ ਪੂਰਾ ਕੀਤਾ ਜਾਣਾ ਸੀ ਪਰ ਹੁਣ ਫਿਰ ਸਰਕਾਰ ਦੁਆਰਾ ਅਧਿਆਪਕਾਂ ਦੀਆਂ ਗੈਰ ਵਿਦਿਅਕ ਕੰਮਾਂ ਵਿੱਚ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਅਧਿਆਪਕ ਆਗੂਆਂ ਨੇ ਕਿਹਾ ਕਿ ਸਾਲ ਦੇ ਆਖਰੀ ਮਹੀਨੇ ਪੜ੍ਹਾਈ ਦੇ ਪੱਖੋਂ ਬਹੁਤ ਹੀ ਅਹਿਮ ਹੁੰਦੇ ਹਨ। ਹਾਲੇ ਵੋਟਾਂ ਦਾ ਐਲਾਨ ਵੀ ਨਹੀਂ ਹੋਇਆ ਤੇ ਵੋਟਾਂ ਹੋਣ ਤੱਕ ਇਹ ਅਧਿਆਪਕ ਆਪਣੀ ਗੈਰ ਵਿਦਿਅਕ ਡਿਊਟੀ ਕਾਰਨ ਸਕੂਲ ਤੋਂ ਬਾਹਰ ਰਹਿਣਗੇ ਤਾਂ ਲਗਪਗ ਚਾਰ ਤੋਂ ਪੰਜ ਮਹੀਨਿਆਂ ਤੱਕ ਦੀ ਵਿਦਿਆਰਥੀਆਂ ਦੀ ਪੜ੍ਹਾਈ ਦੇ ਹੋਣ ਵਾਲੇ ਨੁਕਸਾਨ ਦੀ ਪੂਰਤੀ ਕੌਣ ਕਰੇਗਾ।
ਡੀ.ਟੀ.ਐਫ. ਲੁਧਿਆਣਾ ਨੇ ਮੰਗ ਕੀਤੀ ਕਿ ਕੰਪਿਊਟਰ ਅਧਿਆਪਕਾਂ ਦੀਆਂ ਡਿਊਟੀਆਂ ਤੁਰੰਤ ਰੱਦ ਕੀਤੀਆਂ ਜਾਣ। ਇਸ ਮੌਕੇ ਡੀ.ਐਮ.ਐਫ ਜਨਰਲ ਸਕੱਤਰ ਸੁਖਵਿੰਦਰ ਲੀਲ, ਡੀ.ਟੀ.ਐੱਫ. ਆਗੂਆਂ ਜੰਗਪਾਲ ਰਾਏਕੋਟ, ਬਲਵੀਰ ਬਾਸੀਆਂ, ਰਾਜਿੰਦਰ ਜੰਡਿਆਲੀ, ਹਰਿੰਦਰ ਸਿੰਘ ਸੁਧਾਰ, ਸੁਰਿੰਦਰ ਸ਼ਰਮਾ, ਨਵਗੀਤ ਸਿੰਘ, ਮਨਪ੍ਰੀਤ ਸਿੰਘ, ਕੁਲਵਿੰਦਰ ਛੋਕਰਾਂ, ਹਰਕੇਸ਼ ਚੌਧਰੀ ਨੇ ਅਧਿਆਪਕਾਂ ਦੀਆਂ ਡਿਊਟੀਆਂ ਰੱਦ ਕਰਨ ਦੀ ਮੰਗ ਕੀਤੀ।