ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 1 ਨਵੰਬਰ
ਇਥੇ ਇਕ ਸਕੂਲ ’ਚ ਛੋਟੀਆਂ ਬੱਚੀਆਂ ਨਾਲ ਅਸ਼ਲੀਲ ਹਰਕਤਾਂ ਕਰਦੇ ਇਕ ਅਧਿਆਪਕ ਨੂੰ ਮਾਪਿਆਂ ਨੇ ਕੁਟਾਪਾ ਚਾੜ੍ਹ ਕੇ ਪੁਲੀਸ ਹਵਾਲੇ ਕਰ ਦਿੱਤਾ। ਮਾਮਲਾ ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਬੂਥਗੜ੍ਹ ਜੱਟਾਂ ਦੇ ਸਰਕਾਰੀ ਮਿਡਲ ਸਕੂਲ ਦਾ ਹੈ, ਅੰਗਰੇਜ਼ੀ ਵਿਸ਼ੇ ਨਾਲ ਸਬੰਧਿਤ ਅਧਿਆਪਕ ਜੋ ਕਿ ਇੱਕ ਮਹੀਨੇ ਪਹਿਲਾਂ ਹੀ ਇੱਥੇ ਤਬਦੀਲ ਹੋ ਕੇ ਆਇਆ ਸੀ। ਸਰਕਾਰੀ ਸਕੂਲ ’ਚ ਪੜ੍ਹਦੀਆਂ ਛੋਟੀਆਂ ਬੱਚੀਆਂ ਨਾਲ ਇਹ ਅਧਿਆਪਕ ਰੋਜ਼ਾਨਾ ਕਿਸੇ ਨਾ ਕਿਸੇ ਢੰਗ ਨਾਲ ਅਸ਼ਲੀਲ ਹਰਕਤਾਂ ਕਰਦਾ ਸੀ ਅਤੇ ਜਦੋਂ ਵਿਦਿਆਰਥਣਾਂ ਤੋਂ ਆਪਣੇ ਅਧਿਆਪਕ ਦੀਆਂ ਹਰਕਤਾਂ ਸਹਿਣ ਨਾ ਹੋਈਆਂ ਤਾਂ ਉਨ੍ਹਾਂ ਇਸ ਸਬੰਧੀ ਮਾਪਿਆਂ ਨੂੰ ਜਾਣਕਾਰੀ ਦਿੱਤੀ।
ਅੱਜ ਸਕੂਲ ਵਿਚ ਸਵੇਰੇ ਹੀ ਇਨ੍ਹਾਂ ਛੋਟੀ ਬੱਚੀਆਂ ਦੇ ਮਾਪੇ ਇਕੱਤਰ ਹੋ ਗਏ ਅਤੇ ਇਸ ਸਬੰਧੀ ਪਹਿਲਾਂ ਪ੍ਰਿੰਸੀਪਲ ਨੂੰ ਸ਼ਿਕਾਇਤ ਕੀਤੀ ਅਤੇ ਅਧਿਆਪਕ ਦਾ ਕੁਟਾਪਾ ਚਾੜ੍ਹਿਆ। ਵਿਦਿਆਰਥਣਾਂ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਬੱਚੀਆਂ ਨੇ ਘਰ ਆ ਕੇ ਦੱਸਿਆ ਉਨ੍ਹਾਂ ਦਾ ਅੰਗਰੇਜ਼ੀ ਵਿਸ਼ੇ ਨਾਲ ਸਬੰਧਿਤ ਅਧਿਆਪਕ ਵੱਖ-ਵੱਖ ਬਹਾਨੇ ਬਣਾ ਉਨ੍ਹਾਂ ਨਾਲ ਛੇੜਖਾਨੀ ਕਰਦਾ ਸੀ। ਇਹੀ ਨਹੀਂ ਇਹ ਅਧਿਆਪਕ ਬੱਚੀਆਂ ਨੂੰ ਵੱਖ-ਵੱਖ ਤਰ੍ਹਾਂ ਦੇ ਲਾਲਚ ਵੀ ਦਿੰਦਾ ਸੀ।
ਮਾਪਿਆਂ ਨੇ ਕਿਹਾਕਿ ਸਿੱਖਿਆ ਦੇ ਮੰਦਰ ’ਚ ਅਜਿਹੀਆਂ ਕੋਝੀਆਂ ਹਰਕਤਾਂ ਕਰਨ ਵਾਲੇ ਅਧਿਆਪਕ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਮਾਪਿਆਂ ਵਲੋਂ ਤੁਰੰਤ ਇਸ ਸਬੰਧੀ ਥਾਣਾ ਕੂੰਮਕਲਾਂ ਨੂੰ ਸੂਚਿਤ ਕੀਤਾ ਗਿਆ ਅਤੇ ਪੁਲੀਸ ਨੇ ਇਸ ਅਧਿਆਪਕ ਨੂੰ ਹਿਰਾਸਤ ’ਚ ਲੈ ਲਿਆ ਗਿਆ।
ਇਸ ਸਬੰਧੀ ਕੂੰਮਕਲਾਂ ਥਾਣਾ ਦੇ ਪੁਲੀਸ ਅਧਿਕਾਰੀ ਜਸਵੀਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਪਿਆਂ ਵਲੋਂ ਦਿੱਤੀ ਸੂਚਨਾ ਦੇ ਅਧਾਰ ’ਤੇ ਅਧਿਆਪਕ ਨੂੰ ਕਾਬੂ ਕਰਕੇ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਹਿੱਤ ਲਿਆਂਦਾ ਗਿਆ ਹੈ ਪਰ ਇਸ ਸਬੰਧੀ ਕਿਸੇ ਵਲੋਂ ਲਿਖਤੀ ਤੌਰ ’ਤੇ ਕੋਈ ਸ਼ਿਕਾਇਤ ਨਹੀਂ ਆਈ।