ਤਰਸੇਮ ਭਿੰਡਰ ਨੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ : The Tribune India

ਤਰਸੇਮ ਭਿੰਡਰ ਨੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ

ਤਰਸੇਮ ਭਿੰਡਰ ਨੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ

ਲੁਧਿਆਣਾ ਵਿੱਚ ਅਹੁਦਾ ਸੰਭਾਲਦੇ ਹੋਏ ਚੇਅਰਮੈਨ ਤਰਸੇਮ ਿਸੰਘ ਭਿੰਡਰ। -ਫੋਟੋ: ਅਸ਼ਵਨੀ ਧੀਮਾਨ

ਟ੍ਰਿਬਿਊਨ ਨਿਊਜ਼ ਸਰਵਿਸ

ਲੁਧਿਆਣਾ, 7 ਦਸੰਬਰ

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤਰਸੇਮ ਸਿੰਘ ਭਿੰਡਰ ਵਲੋਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦੀ ਹਾਜ਼ਰੀ ਵਿੱਚ ਆਪਣਾ ਅਹੁਦਾ ਸੰਭਾਲਿਆ। ਇਸ ਦੌਰਾਨ ਉਹ ਆਪਣੇ ਘਰ ਤੋਂ ਨਗਰ ਸੁਧਾਰ ਟਰੱਸਟ ਦੇ ਦਫ਼ਤਰ ਤੱਕ ਰੋਡ ਸ਼ੋਅ ਕਰਕੇ ਪੁੱਜੇ।

ਇਸ ਦੌਰਾਨ ਚੇਅਰਮੈਨ ਭਿੰਡਰ ਨੇ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਲੁਧਿਆਣਾ ਦੇ ਲੋਕਾਂ ਲਈ ਪਾਰਦਰਸ਼ੀ ਤੇ ਜਵਾਬਦੇਹ ਸੇਵਾਵਾਂ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਸਹੂਲਤ ਲਈ ਸਖ਼ਤ ਉਪਰਾਲੇ ਕੀਤੇ ਜਾਣਗੇ ਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਨੂੰ ਪਹਿਲ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੁਧਿਆਣਾ ਵਿੱਚ ਲੋਕਾਂ ਨੂੰ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਚੇਅਰਮੈਨ ਨੇ ਸਪੱਸ਼ਟ ਕਿਹਾ ਕਿ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਬਦਲੇ ਭ੍ਰਿਸ਼ਟਾਚਾਰ ਕਰਨ ਵਾਲੇ ਅਤੇ ਲੋਕਾਂ ਨੂੰ ਖੱਜਲ ਖੁਆਰ ਕਰਨ ਵਾਲੇ ਵਿਅਕਤੀਆਂ ਨਾਲ ਕਰੜੇ ਹੱਥੀ ਨਜਿੱਠਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕਾਫ਼ੀ ਸੁਧਾਰ ਤਾਂ ਕੀਤਾ, ਪਰ ਉਸਦੇ ਨਾਲ ਨਾਲ ਕੁਝ ਸਿਆਸੀ ਲੋਕਾਂ ਨੇ ਘਪਲੇ ਵੀ ਕੀਤੇ ਜੋ ਉਜਾਗਰ ਹੋ ਚੁੱਕੇ ਹਨ। ਜਿਸ ਨੇ ਗਲਤ ਕੰਮ ਕੀਤਾ ਤੇ ਅੱਗੇ ਜੋ ਵੀ ਗਲਤ ਕੰਮ ਕਰੇਗਾ ਉਸ ਖਿਲਾਫ਼ ਜਾਂਚ ਹੋਵੇਗੀ। ਉਨ੍ਹਾਂ ਕਿਹਾ ਕਿ ਨਗਰ ਸੁਧਾਰ ਟਰੱਸਟ ’ਚ ਹੁਣ ਪੂਰੀ ਪਾਰਦਰਸ਼ਿਤਾ ਦੇ ਨਾਲ ਕੰਮ ਹੋਵੇਗਾ ਤੇ ਉਹ ਅੱਜ ਤੋਂ ਹੀ ਸ਼ੁਰੂ ਹੋਵੇਗਾ। ਤਰਸੇਮ ਸਿੰਘ ਭਿੰਡਰ ਨੇ ਕਿਹਾ ਕਿ ਜੋ ਲੋਕ ਨਗਰ ਸੁਧਾਰ ਟਰੱਸਟ ਦੀਆਂ ਪੌੜੀਆਂ ਚੜ੍ਹਨ ਤੋਂ ਘਬਰਾਉਂਦੇ ਸਨ, ਉਹ ਜ਼ਰੂਰ ਆਉਣ ਤੇ ਉਨ੍ਹਾਂ ਦੇ ਕੰਮ ਪਹਿਲ ਦੇ ਆਧਾਰ ’ਤੇ ਹੋਣਗੇ। 

ਰੋਡ ਸ਼ੋਅ ’ਚ ਟਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਈਆਂ

ਲੁਧਿਆਣਾ: ਸੂਬੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਵੀਆਈਪੀ ਕਲਚਰ ਵਧਦਾ ਜਾ ਰਿਹਾ ਹੈ। ਅਜਿਹਾ ਹੀ ਕੁੱਝ ਅੱਜ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦੀ ਤਾਜ਼ਪੋਸ਼ੀ ਦੇ ਸਮੇਂ ਦੇਖਣ ਨੂੰ ਮਿਲਿਆ। ਟਰੱਸਟ ਦੇ ਚੇਅਰਮੈਨ ਦਾ ਆਹੁਦਾ ਸਾਂਭਣ ਤੋਂ ਪਹਿਲਾਂ ਚੇਅਰਮੈਨ ਤਰਸੇਮ ਸਿੰਘ ਭਿੰਡਰ ਨ ਰੋਡ ਸ਼ੋਅ ਜਿਸ ’ਚ ਵੱਡੀ ਗਿਣਤੀ ਨੌਜਵਾਨ ਸ਼ਾਮਲ ਸਨ। ਵੱਡੀਆਂ ਵੱਡੀਆਂ ਕਾਰਾਂ ਤੇ ਜੀਪਾਂ ’ਤੇ ਸਵਾਰ ਨੌਜਵਾਨ ਰੋਡ ਸ਼ੋਅ ਦੌਰਾਨ ਹੂਟਰ ਮਾਰਦੇ ਰਹੇ। ਜਿਸ ਨਾਲ ਜਿੱਥੇ ਜਾਮ ਦੀ ਸਥਿਤੀ ਬਣੀ ਰਹੀ, ਉਥੇ ਆਮ ਲੋਕਾਂ ਨੂੰ ਵੀ ਹੂਟਰ ਦੀ ਆਵਾਜ਼ ਨਾਲ ਕਾਫ਼ੀ ਪ੍ਰੇਸ਼ਾਨੀ ਹੋਈ। ਜਦੋਂ ਨੌਜਵਾਨਾਂ ਤੋਂ ਹੂਟਰ ਮਾਰਨ ਦੀ ਮਨਜ਼ੂਰੀ ਬਾਰੇ ਪੁੱਛਿਆ ਤਾਂ ਉਹ ਅੱਗੋ ਬਹਿਸ ’ਤੇ ਉਤਰ ਆਏ। ਰੋਡ ਸ਼ੋਅ ’ਚ ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਵੀ ਮੌਜੂਦ ਸਨ। ਉਨ੍ਹਾਂ ਨੇ ਵੀ ਕਾਨੂੰਨ ਦਾ ਪਾਲਣ ਕਰਨ ਦੀ ਸਲਾਹ ਕਿਸੇ ਨੂੰ ਨਹੀਂ ਦਿੱਤੀ। ਰੋਡ ਸ਼ੋਅ ’ਚ ਕਾਨੂੰਨ ਦੀਆਂ ਧੱਜੀਆਂ ਉਡਦੀਆਂ ਦੇਖ ਕੇ ਲੱਗ ਰਿਹਾ ਸੀ ਕਿ ਪੰਜਾਬ ’ਚ ਆਮ ਆਦਮੀ ਦੀ ਨਹੀਂ ਬਲਕਿ ਵੀਆਈਪੀ ਲੋਕਾਂ ਦੀ ਸਰਕਾਰ ਬਣ ਚੁੱਕੀ ਹੈ। ਇਹ ਰੋਡ ਅੱਜ ਸਵੇਰੇ ਸੁਭਾਸ਼ ਨਗਰ ਇਲਾਕੇ ’ਚ ਸਥਿਤ ਤਰਸੇਮ ਸਿੰਘ ਭਿੰਡਰ ਦੇ ਘਰ ਤੋਂ ਸ਼ੁਰੂ ਹੋਇਆ ’ਤੇ ਕਈ ਥਾਂਵਾਂ ਤੋਂ ਹੁੰਦਾ ਹੋਇਆ 2 ਘੰਟੇ ਬਾਅਦ ਫਿਰੋਜ਼ਗਾਂਧੀ ਮਾਰਕੀਟ ਸਥਿਤ ਨਗਰ ਸੁਧਾਰ ਟਰੱਸਟ ਦੇ ਦਫ਼ਤਰ ਪੁੱਜਿਆ। ਇਸ ਦੌਰਾਨ ਰਸਤੇ ’ਚ ਉਨ੍ਹਾਂ ਦੇ ਕਾਫ਼ਲੇ ’ਚ ਸ਼ਾਮਲ ਨੌਜਵਾਨ ਗੱਡੀਆਂ ਉਪਰ, ਅੱਗੇ ਤੇ ਬਾਰੀਆਂ ’ਚ ਬੈਠੇ ਨਜ਼ਰ ਆਏ। ਇਸ ਦੌਰਾਨ ਕੁਝ ਨੌਜਵਾਨ ਤਾਂ ਗੱਡੀਆਂ ’ਚ ਲਟਕਦੇ ਨਜ਼ਰ ਆਏ ਤੇ ਨਾਲ ਹੀ ਉਹ ਆਪਣੀਆਂ ਗੱਡੀਆਂ ’ਚ ਹੂਟਰ ਵਜਾਉਂਦੇ ਰਹੇ ਤੇ ਪੂਰੀ ਤਰ੍ਹਾਂ ਫੀਲਿੰਗ ਲਈ ਕਿ ਸਰਕਾਰ ਪੰਜਾਬ ’ਚ ਆਮ ਆਦਮੀ ਦੀ ਹੈ। ਹੂਟਰ ਵਜਾਏ ਜਾਣ ਨਾਲ ਜਿੱਥੇ ਜਾਮ ਦੀ ਸਥਿਤੀ ਰਹੀ, ਉਥੇ ਲੋਕ ਵੀ ਖਾਸੇ ਪ੍ਰੇਸ਼ਾਨ ਦਿਖੇ। ਜਦੋਂ ਨੌਜਵਾਨਾਂ ਤੋਂ ਉਥੇਂ ਹੂਟਰ ਮਾਰਨ ਦੀ ਆਗਿਆ ਹੋਣ ਬਾਰੇ ਪੁੱਛਿਆ ਗਿਆ ਤਾਂ ਉਹ ਮੀਡੀਆ ਮੁਲਾਜਮਾਂ ਦੇ ਨਾਲ ਹੀ ਬਹਿਸ ’ਤੇ ਉਤਰ ਆਏ। ਉਥੇ ਮੌਜੂਦ ਕਰਮੀਆਂ ਨੇ ਕਿਸੇ ਤਰ੍ਹਾਂ ਉਨ੍ਹਾਂ ਨੂੰ ਸ਼ਾਂਤ ਕਰਵਾਇਆ। ਇਸ ਦੌਰਾਨ ‘ਆਪ’ ਦੇ ਸੀਨੀਅਰ ਨੇਤਾ ਅਤੇ ਮਾਰਕਫੈੱਡ ਪੰਜਾਬ ਦੇ ਚੇਅਰਮੈਨ ਅਮਨਦੀਪ ਸਿੰਘ ਮੋਹੀ ਨੇ ਕਿਹਾ ਕਿ ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਲਿਆਂ ’ਤੇ ਕਾਰਵਾਈ ਹੋਣੀ ਚਾਹੀਦੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All