ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 16 ਸਤੰਬਰ
ਇੱਥੋਂ ਦੇ ਚੋਣਵੇਂ ਸਕੂਲਾਂ ਦੇ ਵਿਦਿਆਰਥੀਆਂ ਨੇ ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲਿਆਂ ਦੇ ਕੇਂਦਰੀ ਮੰਤਰਾਲੇ ਦੇ ਸਵੱਛਤਾ ਅੰਮ੍ਰਿਤ ਮਹਾਉਤਸਵ ਦੇ ਬਰਾਂਡ ਅਬੈਸਡਰ ਵਜੋਂ ਸ਼ਹਿਰ ਦੇ ਗਲੀਆਂ ਮੁਹੱਲਿਆਂ ਵਿੱਚ ਰੈਲੀ ਕੱਢ ਕੇ ਲੋਕਾਂ ਨੂੰ ਆਪਣੇ ਆਪਣੇ ਖੇਤਰ ਨੂੰ ਕੂੜਾ ਮੁਕਤ ਕਰਕੇ ਰੱਖਣ ਲਈ ਜਾਗਰੂਕ ਕੀਤਾ।
ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਚੰਦਰ ਪ੍ਰਕਾਸ਼ ਵਧਵਾ ਦੀ ਅਗਵਾਈ ਹੇਠ ਕੱਢੀ ਗਈ ਰੈਲੀ ਨੂੰ ਐੱਸਡੀਐੱਮ ਹਰਬੰਸ ਸਿੰਘ ਨੇ ਰਵਾਨਾ ਕੀਤਾ। ਰੈਲੀ ਤੋਂ ਪਹਿਲਾਂ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਸੈਮੀਨਾਰ ਦੌਰਾਨ ਵੱਖ ਵੱਖ ਬੁਲਾਰਿਆਂ ਸਵੱਛਤਾ ਦੀ ਮਹੱਤਤਾ ਬਾਰੇ ਵਿਚਾਰ ਪੇਸ਼ ਕੀਤੇ। ਸ਼ਨਿਚਰਵਾਰ ਤੋਂ ਦੇਸ਼ ਭਰ ਵਿੱਚ ਸ਼ੁਰੂ ਹੋਣ ਵਾਲੇ ਸਵੱਛਤਾ ਪੰਦਰਵਾੜੇ ਦੇ ਸਥਾਨਕ ਕਨਵੀਨਰ ਸੁਨੀਲ ਨਿੱਜਰ ਨੇ ਦੱਸਿਆ ਕਿ ਗਾਂਧੀ ਸਕੂਲ, ਗੁਰੂ ਨਾਨਕ ਕੰਨਿਆ ਮਹਾਂਵਿਦਿਆਲਿਆ, ਸਰਕਾਰੀ ਹਾਈ ਸਕੂਲ ਅਹਿਮਦਗੜ੍ਹ ਅਤੇ ਸਨਾਤਨ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਦੇ ਕਰੀਬ 200 ਵਿਦਿਆਰਥੀਆਂ ਨੂੰ ਅੱਜ ਐੱਸਡੀਐੱਮ ਹਰਬੰਸ ਸਿੰਘ ਵੱਲੋਂ ਸਵੱਛਤਾ ਅੰਮ੍ਰਿਤ ਮਹਾਉਤਸਵ ਦਾ ਬਰਾਂਡ ਐਬੰਸਡਰ ਥਾਪਿਆ ਗਿਆ ਸੀ। ਇਨ੍ਹਾਂ ਵਿਦਿਆਰਥੀਆਂ ਨੇ ਅਧਿਆਪਕਾਂ ਅਤੇ ਨਗਰ ਕੌਂਸਲ ਦੇ ਮੁਲਾਜ਼ਮਾਂ ਨਾਲ ਮਿਲ ਕੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਸਵੱਛਤਾ ਜਾਗਰੂਕਤਾ ਰੈਲੀ ਕੱਢੀ।