ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 17 ਜੂਨ
ਸ੍ਰੀਨਗਰ ਨੂੰ ਦਿੱਲੀ ਨਾਲ ਅਤੇ ਪੰਜਾਬ ਦੇ ਮਾਲਵਾ ਤੇ ਦੋਆਬਾ ਖੇਤਰ ਨੂੰ ਆਪਸ ਵਿਚ ਜੋੜਦਾ ਸਤਲੁਜ ਦਰਿਆ ’ਤੇ ਬਣਿਆ ਸ਼ਹੀਦ ਭਗਤ ਸਿੰਘ ਯਾਦਗਾਰੀ ਪੁਲ ਮੁੜ ਭਾਰੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਇਸ ਵਾਰ ਪੁਲ ਦੀ ਸਲੈਬ ਨਾਲ ਜੋੜਦੀ ਸੜਕ ਹੇਠ ਤੋਂ ਮਿੱਟੀ ਧੱਸ ਗਈ ਹੈ। ਇਸ ਪੁਲ ਦੀ ਉਸਾਰੀ ਨੂੰ ਕਰੀਬ 15 ਸਾਲ ਦਾ ਸਮਾਂ ਹੋਇਆ ਹੈ ਅਤੇ ਹੁਣ ਤੱਕ ਚੌਥੀ ਵਾਰ ਇਸ ਦੀਆਂ ਸਲੈਬਾਂ ਧੱਸ ਚੁੱਕੀਆਂ ਹਨ।
ਜ਼ਿਕਰਯੋਗ ਹੈ ਕਿ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੇ ਇਸ ਪੁਲ ਦੀਆਂ ਕਦੇ ਸਲੈਬਾਂ ਧੱਸ ਜਾਣਾ ਅਤੇ ਕਦੇ ਸੜਕ ਧੱਸ ਜਾਣਾ ਲੋਕਾਂ ਲਈ ਵੱਡੀ ਪ੍ਰੇਸ਼ਾਨੀ ਬਣੀ ਹੋਈ ਹੈ। ਇਸ ਕਾਰਨ ਪੁਲ ਦਾ ਨਿਰਮਾਣ ਕਰਨ ਵਾਲੀ ਕੰਪਨੀ ਅਤੇ ਉਸ ਸਮੇਂ ਰਹੇ ਸਰਕਾਰੀ ਅਧਿਕਾਰੀਆਂ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ ਕਿ ਪੁਲ ਦੀ ਉਸਾਰੀ ਮੌਕੇ ਵੱਡੀ ਲਾਪ੍ਰਵਾਹੀ ਵਰਤੀ ਗਈ ਹੈ। ਸਤਲੁਜ ਪੁਲ ਦਾ ਨਿਰਮਾਣ 1997 ਤੋਂ ਲੈ ਕੇ 2002 ਦੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਸ਼ੁਰੂ ਹੋਇਆ ਸੀ ਅਤੇ ਇਸ ਦਾ ਉਦਘਾਟਨ 2002 ਤੋਂ ਲੈ ਕੇ 2007 ਤੱਕ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਸੀ। ਇਸ ਪੁਲ ਦੇ ਨਿਰਮਾਣ ਤੋਂ ਬਾਅਦ ਕਰੀਬ 15 ਸਾਲਾਂ ਵਿਚ ਇਸ ਦੀਆਂ ਸਲੈਬਾਂ ਪਹਿਲਾਂ ਵੀ ਤਿੰਨ ਵਾਰ ਧੱਸ ਚੁੱਕੀਆਂ ਹਨ ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਅੱਜ ਫਿਰ ਚੌਥੀ ਵਾਰ ਸੜਕ ਧੱਸਣ ਕਾਰਨ ਫਿਲਹਾਲ ਭਾਰੀ ਵਾਹਨਾਂ ਦੀ ਆਵਾਜਾਈ ’ਤੇ ਰੋਕ ਲਗਾ ਦਿੱਤੀ ਗਈ ਹੈ।
ਲੋਕਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਪੁਲ ਦੀ ਉਸਾਰੀ ਮੌਕੇ ਕੀਤੀ ਲਾਪ੍ਰਵਾਹੀ ਦੀ ਨਿਰਪੱਖਤਾ ਨਾਲ ਜਾਂਚ ਕਰਵਾਈ ਜਾਵੇ। ਇਸ ਤੋਂ ਇਲਾਵਾ ਸਤਲੁਜ ਪੁਲ ਦੀ ਮੁਰੰਮਤ ਲਈ ਤੁਰੰਤ ਢੁੱਕਵੇਂ ਪ੍ਰਬੰਧ ਕੀਤੇ ਜਾਣ ਤਾਂ ਜੋ ਆਵਾਜਾਈ ਖੁੱਲ੍ਹ ਸਕੇ।
ਪੰਜ ਦਿਨਾਂ ਵਿੱਚ ਪੁਲ ਸ਼ੁਰੂ ਹੋਣ ਦੀ ਸੰਭਾਵਨਾ: ਅਧਿਕਾਰੀ
ਇਸ ਸਬੰਧੀ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਰਮੇਸ਼ ਕੁਮਾਰ ਨੇ ਕਿਹਾ ਕਿ ਇਸ ਵਾਰ ਪੁਲ ਦੀ ਸਲੈਬ ਨਾਲ ਜੋੜਦੀ ਸੜਕ ਦੀ ਮਿੱਟੀ ਧੱਸ ਗਈ ਹੈ। ਉਨ੍ਹਾਂ ਕਿਹਾ ਕਿ ਬੀਤੀ ਰਾਤ ਮੀਂਹ ਪੈਣ ਕਾਰਨ ਇਹ ਸਮੱਸਿਆ ਆਈ ਹੈ, ਜਿਸ ਸਬੰਧੀ ਵਿਭਾਗ ਵਲੋਂ ਤੁਰੰਤ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 5 ਦਿਨਾਂ ’ਚ ਇਹ ਪੁਲ ਭਾਰੀ ਆਵਾਜਾਈ ਲਈ ਮੁੜ ਖੁੱਲ੍ਹਣ ਦੀ ਸੰਭਾਵਨਾ ਹੈ।