ਪੱਤਰ ਪ੍ਰੇਰਕ
ਸਮਰਾਲਾ, 1 ਮਾਰਚ
ਸੰਤ ਕ੍ਰਿਪਾਲ ਸਿੰਘ ਸੇਵਾ ਪੰਥੀ ਪਬਲਿਕ ਸਕੂਲ ਨੀਲੋਂ ਵੱਲੋਂ ਸਾਲਾਨਾ ਅਥਲੈਟਿਕ ਮੀਟ ਕਰਵਾਈ ਗਈ। ਇਸ ਮੌਕੇ ਤੇਜਾ ਸਿੰਘ ਧਾਲੀਵਾਲ ਮੁੱਖ ਮਹਿਮਾਨ ਅਤੇ ਬ੍ਰਿਜ ਭੂਸ਼ਨ ਗੋਇਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਅਥਲੈਟਿਕ ਮੀਟ ਲਈ ਸਕੂਲ ਦੇ ਵਿਦਿਆਰਥੀਆਂ ਦੇ ਚਾਰ ਹਾਊਸ ਗੰਗਾ, ਜਮੁਨਾ, ਸਤਲੁਜ ਅਤੇ ਬਿਆਸ ਬਣਾਏ ਗਏ। ਖੇਡਾਂ ਦੀ ਸ਼ੁਰੂਆਤ ਮੌਕੇ ਵਿਦਿਆਰਥੀਆਂ ਵੱਲੋਂ ਪਰੇਡ ਕੀਤੀ ਗਈ। ਅਥਲੈਟਿਕ ਮੀਟ ਵਿਚ ਸਤਲੁਜ ਹਾਊਸ ਨੇ ਸਭ ਤੋਂ ਵੱਧ ਮੈਡਲ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਵਧੀਆ ਖਿਡਾਰੀ ਗੁਰਕਮਲ ਸਿੰਘ ਅਤੇ ਵਧੀਆ ਖਿਡਾਰਨ ਪਵਨਦੀਪ ਕੌਰ ਨੂੰ ਚੁਣਿਆ ਗਿਆ। ਇਸ ਅਥਲੈਟਿਕ ਮੀਟ ਦੇ ਮੁੱਖ ਮਹਿਮਾਨ ਤੇਜਾ ਸਿੰਘ ਧਾਲੀਵਾਲ ਨੇ ਵਿਦਿਆਰਥੀਆਂ ਨੂੰ ਵਿੱਦਿਆ ਦੇ ਨਾਲ- ਨਾਲ ਖੇਡਾਂ ਦੇ ਖੇਤਰ ਵਿੱਚ ਵੀ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਸੰਸਥਾ ਦੇ ਮੁਖੀ ਸੰਤ ਬਾਬਾ ਮੱਖਣ ਸਿੰਘ ਨੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਪੜਾਈ ਅਤੇ ਖੇਡਾਂ ਦੇ ਖੇਤਰ ਵਿੱਚ ਅੱਗੇ ਵਧ ਕੇ ਆਪਣੇ ਸਕੂਲ ਤੇ ਮਾਪਿਆਂ ਦਾ ਨਾਂ ਰੋਸ਼ਨ ਕਰਨ ਲਈ ਕਿਹਾ। ਇਸ ਮੌਕੇ ਪਿ੍ਰੰਸੀਪਲ ਜਸਬੀਰ ਕੌਰ, ਸਕੂਲ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਸੇਖੋਂ, ਕੈਪਟਨ ਅਜੀਤ ਸਿੰਘ ਗਿੱਲ, ਹਰਦੇਵ ਸਿੰਘ ਗਰੇਵਾਲ ਅਤੇ ਰਣਜੀਤ ਕੌਰ ਗਰੇਵਾਲ ਹਾਜ਼ਰ ਸਨ।