ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 5 ਅਪਰੈਲ
ਇਕ ਹਫ਼ਤੇ ਤੋਂ ਲੜੀਵਾਰ ਭੁੱਖ ਹੜਤਾਲ ’ਤੇ ਬੈਠੀ 75 ਸਾਲਾ ਸੁਰਿੰਦਰ ਕੌਰ ਆਪਣੀ ਧੀ ਦੇ ਇਨਸਾਫ਼ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੇ ਖੂਨ ਨਾਲ ਚਿੱਠੀ ਲਿਖੇਗੀ। ਇਥੇ ਥਾਣਾ ਸਿਟੀ ਮੂਹਰੇ ਚੱਲਦੇ ਧਰਨੇ ਦੇ ਦੋ ਹਫ਼ਤੇ ਪੂਰੇ ਹੋਣ ਸਮੇਂ ਇਹ ਐਲਾਨ ਕੀਤਾ ਗਿਆ। ਅੱਜ ਧਰਨੇ ’ਚ ਸੁਰਿੰਦਰ ਕੌਰ ਨੇ ਕਿਹਾ ਕਿ ਉਸ ਦੀ ਧੀ ਕੁਲਵੰਤ ਕੌਰ ਸੋਲਾਂ ਸਾਲ ਤੱਕ ਕਥਿਤ ਪੁਲੀਸ ਤਸ਼ੱਦਦ ਦਾ ਸ਼ਿਕਾਰ ਹੋਣ ਮਗਰੋਂ ਮੰਜੇ ਨਾਲ ਲੱਗੀ ਰਹੀ। ਇੰਨੇ ਸਾਲ ਬਾਅਦ ਅਖੀਰ ਉਸਦੀ ਨੌਜਵਾਨ ਧੀ ਦੀ ਮੌਤ ਹੋ ਗਈ। ਇਸ ਮਾਮਲੇ ’ਚ ਅਖੀਰ ਧੀ ਦੀ ਮੌਤ ਮਗਰੋਂ ਡੀਐੱਸਪੀ ਸਮੇਤ ਚਾਰ ਮੁਲਜ਼ਮਾਂ ਖ਼ਿਲਾਫ਼ ਜਦੋਂ ਪਿਛਲੇ ਦਿਨੀਂ ਪਰਚਾ ਦਰਜ ਹੋਇਆ ਤਾਂ ਇਨਸਾਫ਼ ਦੀ ਉਮੀਦ ਬੱਝੀ, ਜੋ ਹੁਣ ਗ੍ਰਿਫ਼ਤਾਰੀ ਨਾ ਹੋਣ ਕਰਕੇ ਟੁੱਟਦੀ ਜਾ ਰਹੀ ਹੈ। ਦੋ ਹਫ਼ਤੇ ਦੇ ਧਰਨੇ ਅਤੇ ਇਕ ਹਫ਼ਤੇ ਦੀ ਭੁੱਖ ਹੜਤਾਲ ਤੋਂ ਬਾਅਦ ਵੀ ਪੁਲੀਸ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ, ਜਿਸ ਕਰਕੇ ਉਸ ਨੇ 7 ਅਪਰੈਲ ਨੂੰ ਖੂਨ ਨਾਲ ਮੁੱਖ ਮੰਤਰੀ ਨੂੰ ਚਿੱਠੀ ਲਿਖਣ ਦਾ ਫ਼ੈਸਲਾ ਲਿਆ ਹੈ। ਧਰਨੇ ’ਚ ਜਨਤਕ ਜਥੇਬੰਦੀਆਂ ਦੇ ਆਗੂਆਂ ਕੁੰਢਾ ਸਿੰਘ ਕਾਉਂਕੇ, ਜਗਸੀਰ ਸਿੰਘ ਲੀਲਾਂ, ਬਖਤਾਵਰ ਸਿੰਘ, ਨਿਰਮਲ ਸਿੰਘ ਧਾਲੀਵਾਲ, ਸਤਨਾਮ ਸਿੰਘ ਧਾਲੀਵਾਲ, ਰਾਮਤੀਰਥ ਲੀਲਾਂ, ਰਾਮ ਸਿੰਘ ਆਦਿ ਨੇ ਕਿਹਾ ਕਿ ਭੁੱਖ ਹੜਤਾਲ ’ਤੇ ਬੈਠੀ ਸੁਰਿੰਦਰ ਕੌਰ ਦੀ ਸਿਹਤ ਵਿਗੜ ਰਹੀ ਹੈ। ਉਨ੍ਹਾਂ ਕਿਹਾ ਕਿ ਮਾਤਾ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਹੋਇਆ ਤਾਂ ਸਾਰੀ ਜ਼ਿੰਮੇਵਾਰੀ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਦੀ ਹੋਵੇਗੀ।