ਜੋਗਿੰਦਰ ਸਿੰਘ ਓਬਰਾਏ
ਦੋਰਾਹਾ, 28 ਜੁਲਾਈ
ਇੱਥੇ ਆਲ ਇੰਡੀਆ ਕਿਸਾਨ ਸਭਾ ਦੇ ਮੈਂਬਰਾਂ ਦੀ ਇਕੱਤਰਤਾ ਜਸਵੀਰ ਝੱਜ ਤੇ ਚਮਕੌਰ ਸਿੰਘ ਬਰਮੀ ਦੀ ਅਗਵਾਈ ਹੇਠ ਹੋਈ। ਉਨ੍ਹਾਂ ਕਿਹਾ ਕਿ 31 ਜੁਲਾਈ ਨੂੰ ਰੇਲ ਰੋਕੋ ਸੰਘਰਸ਼ ਇਸ ਕਾਰਨ ਵਿੱਢਣਾ ਪਿਆ ਕਿਉਂਕਿ ਸਰਕਾਰਾਂ ਦੀ ਵਾਅਦਾਖਿਲਾਫ਼ੀ ਕਾਰਨ ਕਿਸਾਨ ਰੁਲ ਕੇ ਰਹਿ ਗਏ ਹਨ। ਦਿੱਲੀ ਮੋਰਚੇ ਸਮੇਂ ਹੋਏ ਕਿਸਾਨਾਂ ’ਤੇ ਕੇਸ ਜਿਓਂ ਦੇ ਤਿਓਂ ਹਨ। ਲਖੀਮਪੁਰ ਖੀਰੀ ਦੇ ਕਾਤਲਾਂ ਨੂੰ ਸਜ਼ਾ ਤਾਂ ਕੀ ਦੇਣੀ ਸੀ ਸਗੋਂ ਬੇਕਸੂਰ ਕਿਸਾਨਾਂ ਨੂੰ ਨਾਜਾਇਜ਼ ਕੇਸ ਪਾ ਕੇ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਪਹਿਲਾਂ ਮੂੰਗੀ ਦਾ ਘੱਟੋ-ਘੱਟ ਸਮਰਥਨ ਮੁੱਲ ਦਾ ਐਲਾਨ ਕੀਤਾ ਮੁੜ ਖਰੀਦ ਨਹੀਂ ਕੀਤੀ। ਪਾਣੀ ਦੀ ਬਰਬਾਦੀ ਨੂੰ ਕਿਸਾਨਾਂ ਸਿਰ ਮੜ੍ਹ ਕੇ ਕਿਸਾਨ ਬਦਨਾਮ ਕੀਤੇ ਜਾ ਰਹੇ ਹਨ ਜਦੋਂਕਿ ਫੈਕਟਰੀਆਂ ਦਾ ਕੈਮੀਕਲ ਗ੍ਰਸਤ ਪਾਣੀ, ਧਰਤੀ ਦੇ ਪੱਤਣ ਤੇ ਨਹਿਰਾਂ ਦਾ ਜਲ ਦੂਸ਼ਤ ਕਰ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਹਰ ਫ਼ਸਲ ਐੱਮਐੱਸਪੀ ’ਤੇ ਖਰੀਦਣ ਦੀ ਸੰਵਿਧਾਨਕ ਗਾਰੰਟੀ ਦੇਵੇ। ਸਰਕਾਰ ਦੀ ਖੇਤੀ ਨੀਤੀ ਨੂੰ ਲੈ ਕੇ ਬਣਾਈ ਕਮੇਟੀ ਸਿਰਫ ਸਰਕਾਰ ਦੇ ਹੱਥਾਂ ਦੀ ਕਠਪੁਤਲੀ ਹੈ, ਜੋ ਉਨ੍ਹਾਂ ਨੂੰ ਮਨਜ਼ੂਰ ਨਹੀਂ ਹੈ। ਇਨ੍ਹਾਂ ਲੋਕ ਵਿਰੋਧੀ ਨੀਤੀਆਂ ਖਿਲਾਫ਼ 31 ਜੁਲਾਈ ਨੂੰ ਪੰਜਾਬ ਪੱਧਰ ’ਤੇ ਰੇਲਾਂ ਦਾ ‘ਚੱਕਾ ਜਾਮ’ ਕੀਤਾ ਜਾਵੇਗਾ। ਇਸ ਮੌਕੇ ਪਰਮਜੀਤ ਸਿੰਘ ਝੱਜ, ਕਾਮਰੇਡ ਹਰਪਾਲ ਬੁਆਣੀ, ਹੁਸ਼ਿਆਰ ਸਿੰਘ, ਚਮਕੌਰ ਸਿੰਘ, ਜਗਦੀਸ਼ ਰਾਏ, ਗੁਰਨਾਮ ਸਿੰਘ, ਅਮਨਦੀਪ ਸਿੱਧਵਾਂ ਬੇਟ, ਭਰਪੂਰ ਸਿੰਘ ਸਵੱਦੀ ਤੇ ਸੁਦਾਗਰ ਸਿੰਘ ਹਾਜ਼ਰ ਸਨ।