ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 17 ਫਰਵਰੀ
ਇੱਥੇ ਅੱਜ ਇਕ ਵਿਆਹੁਤਾ ਅਤੇ ਨੌਜਵਾਨ ਵੱਲੋਂ ਖੁਦਕੁਸ਼ੀ ਕੀਤੀ ਗਈ। ਥਾਣਾ ਸਦਰ ਦੀ ਪੁਲੀਸ ਨੂੰ ਮਾਣਕਵਾਲ ਵਾਸੀ ਸਰਬਜੀਤ ਸਿੰਘ ਨੇ ਦੱਸਿਆ ਹੈ ਕਿ ਉਸ ਦੀ ਲੜਕੀ ਮਨਪ੍ਰੀਤ ਕੋਰ (28 ਸਾਲ) ਨੂੰ ਸਹੁਰੇ ਪਰਿਵਾਰ ਵਾਲੇ ਦਾਜ ਲਈ ਤੰਗ ਕਰਦੇ ਸਨ। ਉਸ ਨੇ ਦੁਖੀ ਹੋ ਕੇ ਆਤਮਹੱਤਿਆ ਕਰ ਲਈ। ਉਨ੍ਹਾਂ ਦੱਸਿਆ ਕਿ ਉਸ ਦੇ ਜਵਾਈ ਹਰਦੀਪ ਸਿੰਘ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਮਨਪ੍ਰੀਤ ਕੌਰ ਬਿਮਾਰ ਹੈ ਤੇ ਹਸਪਤਾਲ ਵਿੱਚ ਦਾਖ਼ਲ ਹੈ। ਜਦੋਂ ਉਹ ਉੱਥੇ ਪੁੱਜੇ ਤਾਂ ਡਾਕਟਰਾਂ ਨੇ ਦੱਸਿਆ ਕਿ ਲੜਕੀ ਦੀ ਮੌਤ ਹੋ ਚੁੱਕੀ ਹੈ। ਥਾਣੇਦਾਰ ਹਰਦੇਵ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਦਲਜੀਤ ਸਿੰਘ, ਉਸ ਦੇ ਪੁੱਤਰ ਹਰਦੀਪ ਸਿੰਘ ਅਤੇ ਮਨਦੀਪ ਸਿੰਘ ਤੋਂ ਇਲਾਵਾ ਹਰਪ੍ਰੀਤ ਕੌਰ ਪਤਨੀ ਮਨਦੀਪ ਸਿੰਘ ਅਤੇ ਸਰਬਜੀਤ ਕੌਰ ਪਤਨੀ ਦਲਜੀਤ ਸਿੰਘ ਵਾਸੀ ਗੁਰਦੀਪ ਕਲੋਨੀ ਲੁਹਾਰਾ ਖ਼ਿਲਾਫ਼ ਕੇਸ ਦਰਜ ਕਰਕੇ ਦਲਜੀਤ ਸਿੰਘ, ਹਰਦੀਪ ਸਿੰਘ ਅਤੇ ਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਬਾਕੀਆਂ ਦੀ ਭਾਲ ਜਾਰੀ ਹੈ। ਇਸੇ ਤਰ੍ਹਾਂ ਥਾਣਾ ਸਾਹਨੇਵਾਲ ਦੀ ਪੁਲੀਸ ਨੂੰ ਅੰਬੇਦਕਰ ਨਗਰ ਗਿਆਸਪੁਰਾ ਵਾਸੀ ਖ਼ੂਬ ਲਾਲ ਨੇ ਦੱਸਿਆ ਹੈ ਕਿ ਉਸ ਦੇ ਲੜਕੇ ਯਸ਼ਪਾਲ ਨੇ ਸੂਰਜ ਵਾਸੀ ਗਿਆਸਪੁਰਾ ਤੋਂ ਇੱਕ ਲੱਖ ਰੁਪਏ ਉਧਾਰ ਲਏ ਸਨ ਪਰ ਉਹ ਵਾਪਸ ਨਹੀਂ ਸੀ ਕਰ ਸਕਿਆ। ਸੂਰਜ ਉਸ ਨੂੰ ਪੈਸੇ ਵਾਪਸ ਕਰਨ ਲਈ ਤੰਗ ਪ੍ਰੇਸ਼ਾਨ ਕਰਦਾ ਸੀ ਜਿਸ ਤੋਂ ਦੁਖੀ ਹੋ ਕੇ ਉਸ ਨੇ ਕਰਮਜੀਤ ਨਗਰ ਰਾਧਾ ਸਵਾਮੀ ਰੋਡ ਲੁਹਾਰਾ ਸਥਿਤ ਆਪਣੀ ਬਿਜਲੀ ਦੀ ਦੁਕਾਨ ਤੇ ਫਾਹਾ ਲਗਾ ਕੇ ਆਤਮਹੱਤਿਆ ਕਰ ਲਈ। ਪੁਲੀਸ ਵੱਲੋਂ ਸੂਰਜ ਕੁਮਾਰ ਖ਼ਿਲਾਫ਼ ਕੇਸ ਦਰਜ ਕਰਕੇ ਉਸਦੀ ਭਾਲ ਕੀਤੀ ਜਾ ਰਹੀ ਹੈ।