ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 24 ਸਤੰਬਰ
ਪਿਛਲੇ ਚਾਰ ਸਾਲ ਤੋਂ ਕ੍ਰਿਸਚੀਅਨ ਮੈਡੀਕਲ ਕਾਲਜ (ਸੀਐੱਮਸੀ) ਦੇ ਫਿਜ਼ਿਓਥਰੈਪੀ ਦੀ ਪੜ੍ਹਾਈ ਕਰ ਰਹੀ ਹੁਸ਼ਿਆਰਪੁਰ ਵਾਸੀ ਜੋਤੀ ਮਲਿਕਾ ਸਿੰਘ ਨੇ ਬੀਤੀ ਦੇਰ ਰਾਤ ਪੀਜੀ ਸਥਿਤ ਆਪਣੇ ਕਮਰੇ ’ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਘਟਨਾ ਦਾ ਪਤਾ ਉਸ ਸਮੇਂ ਲੱਗਿਆ, ਜਦੋਂ ਉਸਦੀ ਸਹੇਲੀ ਉਸਨੂੰ ਮਿਲਣ ਲਈ ਪੀਜੀ ਪੁੱਜੀ। ਦਰਵਾਜ਼ਾ ਨਾ ਖੋਲ੍ਹਣ ’ਤੇ ਉਸਨੇ ਖਿੜਕੀ ’ਚੋਂ ਦੇਖਿਆ ਤਾਂ ਅੰਦਰ ਜੋਤੀ ਦੀ ਲਾਸ਼ ਲਟਕ ਰਹੀ ਸੀ। ਉਸਨੇ ਰੌਲਾ ਪਾਇਆ ਤੇ ਪੁਲੀਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ 3 ਦੇ ਐੱਸਐੱਚਓ ਆਪਣੀ ਪੁਲੀਸ ਦੇ ਉੱਚ ਅਧਿਕਾਰੀ ਮੌਕੇ ’ਤੇ ਪੁੱਜ ਗਏ। ਜਾਂਚ ਦੌਰਾਨ ਜੋਤੀ ਦੇ ਕਮਰੇ ’ਚੋਂ ਇੱਕ ਚਿੱਠੀ ਮਿਲੀ ਹੈ। ਖੁਦਕੁਸ਼ੀ ਨੋਟ ਵਿੱਚ ਉਸਨੇ ਲਿਖਿਆ, ‘‘ਆਈਐੱਮ ਸਾਰੀ ਡੈਡ, ਮੈਂ ਚੰਗੀ ਤਰ੍ਹਾਂ ਪੜ੍ਹਾਈ ਨਹੀਂ ਕਰ ਪਾਈ। ਜਿਸ ਕਾਰਨ ਮੌਤ ਨੂੰ ਗਲ ਲਾ ਰਹੀ ਹਾਂ।’’ ਇਸ ਤੋਂ ਇਲਾਵਾ ਸੁਸਾਇਡ ਨੋਟ ’ਚ ਲਿਖਿਆ ਹੈ ਕਿ ਉਹ ਨਾ ਤਾਂ ਚੰਗੀ ਦੋਸਤ ਬਣ ਪਾਈ ਤੇ ਨਾ ਹੀ ਚੰਗੀ ਲੜਕੀ ਅਤੇ ਨਾ ਹੀ ਚੰਗੀ ਵਿਦਿਆਰਥਣ। ਇਸ ਕਾਰਨ ਪਰਿਵਾਰ ਦਾ ਸਾਹਮਣਾ ਨਹੀਂ ਕਰ ਸਕਾਂਗੀ। ਪੁਲੀਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸੀਐੱਮਸੀ ਹਸਪਤਾਲ ’ਚ ਰਖਵਾ ਦਿੱਤਾ ਹੈ।ਜੋਤੀ ਮਾਲਿਕਾ ਸਿੰਘ ਲੁਧਿਆਣਾ ਦੇ ਈਸਾ ਨਗਰ ਵਿੱਚ ਇੱਕ ਪੀਜੀ ’ਚ ਰਹਿੰਦੀ ਸੀ। ਉਹ ਹੁਸ਼ਿਆਰਪੁਰ ਦੀ ਰਹਿਣ ਵਾਲੀ ਸੀ। ਪੀਜੀ ’ਚ ਉਹ ਦੁਸਰੀ ਮੰਜ਼ਿਲ ’ਤੇ ਪਿਛਲ਼ੇਂ ਕਰੀਬ ਚਾਰ ਮਹੀਨਿਆਂ ਤੋਂ ਇਕੱਲੀ ਰਹਿ ਰਹੀ ਸੀ। ਉਸਦੇ ਦੋਸਤਾਂ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਉਹ ਪ੍ਰੇਸ਼ਾਨ ਚੱਲ ਰਹੀ ਸੀ ਤੇ ਗੁਮ-ਸੁੰਮ ਰਹਿੰਦੀ ਸੀ। ਉਹ ਕਿਸੇ ਨਾਲ ਜ਼ਿਆਦਾ ਗੱਲ ਨਹੀਂ ਕਰਦੀ ਸੀ। ਜੇਕਰ ਕੋਈ ਪੁੱਛਦਾ ਤਾਂ ਉਹ ਸਿਰਫ਼ ਇਹੀ ਆਖਦੀ ਸੀ ਕਿ ਪਰਿਵਾਰਿਕ ਗੱਲਾਂ ਕਾਰਨ ਉਹ ਪ੍ਰੇਸ਼ਾਨ ਹੈ। ਸ਼ਨਿੱਚਰਵਾਰ ਦੀ ਸਵੇਰੇ ਉਸਦੀ ਇੱਕ ਦੋਸਤ ਉਸਨੂੰ ਫੋਨ ਕਰਦੀ ਰਹੀ, ਪਰ ਉਸਨੇ ਫੋਨ ਨਹੀਂ ਚੁੱਕਿਆ। ਜਦੋਂ ਉਹ ਉਸਨੂੰ ਦੇਖਣ ਲਈ ਪੀਜੀ ਚਲੀ ਗਈ ਤਾਂ ਅੰਦਰ ਕਮਰੇ ’ਚ ਲਾਸ਼ ਲਟਕਦੀ ਦੇਖ ਉਸਦੇ ਹੋਸ਼ ਉਡ ਗਏ। ਜਿਸ ਤੋਂ ਬਾਅਦ ਉਸਨੇ ਰੌਲਾ ਪਾਇਆ ਤੇ ਇਸਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਪੁਲੀਸ ਨੂੰ ਜੋਤੀ ਦੇ ਕਮਰੇ ’ਚੋਂ ਮੋਬਾਈਲ ਮਿਲਿਆ ਹੈ। ਮੋਬਾਈਲ ਨੂੰ ਜਾਂਚ ਲਈ ਫੋਰੈਂਸਿਕ ਲੈਬ ਭੇਜਿਆ ਜਾਵੇਗਾ।