ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 2 ਸਤੰਬਰ
ਸ਼ਹਿਰ ਦੇ ਸਭ ਤੋਂ ਪੁਰਾਣੇ ਸਿਨੇਮਾ ਘਰਾਂ ’ਚੋਂ ਇੱਕ ਸੁਸਾਇਟੀ ਸਿਨੇਮਾ ਦੇ ਮਾਲਕ ਤੇਜੇਸ਼ਵਰ ਸਿੰਘ ਮਲਹੋਤਰਾ ਉਰਫ਼ ਰਾਜਾ ਨੇ ਅੱਜ ਸਵੇਰੇ ਆਪਣੇ ਘਰ ਦੇ ਬਾਥਰੂਮ ’ਚ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਗੋਲੀ ਦੀ ਆਵਾਜ਼ ਸੁਣ ਕੇ ਜਦੋਂ ਪਰਿਵਾਰ ਦੇ ਬਾਕੀ ਮੈਂਬਰ ਰਾਜਾ ਦੇ ਕਮਰੇ ’ਚ ਪੁੱਜੇ ਤਾਂ ਬਾਥਰੂਮ ’ਚ ਖੂਨ ਨਾਲ ਲਥਪਥ ਲਾਸ਼ ਪਈ ਸੀ। ਇਸ ਬਾਰੇ ਸੂਚਨਾ ਮਿਲਦੇ ਹੀ ਪੁਲੀਸ ਦੇ ਉਚ ਅਧਿਕਾਰੀ ਮੌਕੇ ’ਤੇ ਪੁੱਜ ਗਏ। ਪੁਲੀਸ ਨੇ ਜਾਂਚ ਤੋਂ ਬਾਅਦ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਖੁਦਕੁਸ਼ੀ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗਿਆ ਪਰ ਪੁਲੀਸ ਅਨੁਸਾਰ ਰਾਜਾ ਦੀ ਸਿਹਤ ਕਾਫੀ ਖਰਾਬ ਰਹਿੰਦੀ ਸੀ, ਜਿਸ ਤੋਂ ਉਹ ਪ੍ਰੇਸ਼ਾਨ ਸੀ।
ਜਾਣਕਾਰੀ ਅਨੁਸਾਰ ਰਾਜਾ ਦਾ ਸ਼ਹਿਰ ’ਚ ਪੁਰਾਣਾ ਸੁਸਾਇਟੀ ਸਿਨੇਮਾ ਸੀ, ਜਿਸ ਨੂੰ ਕੁਝ ਸਮਾਂ ਪਹਿਲਾਂ ਵੇਚ ਕੇ ਉਥੇ ਸੁਸਾਇਟੀ ਮਾਲ ਪਲਾਜ਼ਾ ਬਣਾ ਦਿੱਤਾ ਗਿਆ। ਰਾਜਾ ਕੁਝ ਸਮੇਂ ਤੋਂ ਆਪਣੀ ਲੀਵਰ ਦੀ ਬਿਮਾਰੀ ਕਾਰਨ ਕਾਫ਼ੀ ਪ੍ਰੇਸ਼ਾਨ ਸੀ। ਲਗਾਤਾਰ ਇਲਾਜ ਚੱਲਣ ਤੋਂ ਬਾਅਦ ਉਸ ਨੂੰ ਕੋਈ ਫਰਕ ਨਹੀਂ ਪਿਆ। ਜਾਣਕਾਰੀ ਅਨੁਸਾਰ ਇੱਕ ਦਿਨ ਪਹਿਲਾਂ ਉਹ ਆਪਣੇ ਸਾਰੇ ਦੋਸਤਾਂ ਨੂੰ ਵੀ ਮਿਲ ਕੇ ਆਇਆ ਸੀ। ਸ਼ੁੱਕਰਵਾਰ ਸਵੇਰੇ ਉਸ ਨੇ ਮੁੰਬਈ ’ਚ ਪੜ੍ਹਦੇ ਆਪਣੇ ਲੜਕੇ ਨਾਲ ਗੱਲ ਕੀਤੀ ਤੇ ਉਸ ਤੋਂ ਬਾਅਦ ਬਾਥਰੂਮ ’ਚ ਜਾ ਕੇ ਖੁਦ ਨੂੰ ਗੋਲੀ ਮਾਰ ਲਈ।
ਦੋ ਦਿਨ ਪਹਿਲਾਂ ਮਾਂ ਤੋਂ ਵਾਪਸ ਲਿਆ ਸੀ ਲਾਇਸੈਂਸੀ ਰਿਵਾਲਵਰ
ਰਾਜਾ ਨੇ ਆਪਣਾ ਲਾਇਸੈਂਸੀ ਪਿਸਤੌਲ ਪਿਛਲੇਂ ਕਾਫ਼ੀ ਸਮੇਂ ਤੋਂ ਆਪਣੀ ਮਾਂ ਕੋਲ ਰੱਖਿਆ ਹੋਇਆ ਸੀ, ਜੋ 2 ਦਿਨ ਪਹਿਲਾਂ ਹੀ ਉਸ ਨੇ ਆਪਣੀ ਮਾਂ ਕੋਲੋਂ ਵਾਪਸ ਲਿਆ ਸੀ। ਇਸ ਮਾਮਲੇ ’ਚ ਏਸੀਪੀ ਪੱਛਮੀ ਮਨਦੀਪ ਸਿੰਘ ਨੇ ਦੱਸਿਆ ਕਿ ਹਾਲੇ ਮੌਤ ਦੇ ਕਾਰਨ ਸਪੱਸ਼ਟ ਨਹੀਂ ਹਨ। ਹੁਣ ਤੱਕ ਦੀ ਜਾਂਚ ’ਚ ਸਿਰਫ਼ ਇਹੀ ਪਤਾ ਲੱਗਿਆ ਹੈ ਕਿ ਰਾਜਾ ਸਿਹਤ ਕਾਰਨ ਕਾਫ਼ੀ ਸਮੇਂ ਤੋਂ ਪ੍ਰੇਸ਼ਾਨ ਸੀ, ਜਿਸ ਕਾਰਨ ਉਸ ਨੇ ਖੁਦਕੁਸ਼ੀ ਕਰ ਲਈ।