ਨਿੱਜੀ ਪੱਤਰ ਪ੍ਰੇਰਕ
ਖੰਨਾ, 23 ਅਗਸਤ
ਇੱਥੋਂ ਦੀ ਨਵੀਂ ਅਬਾਦੀ ਵਾਸੀ ਇੱਕ 33 ਸਾਲਾ ਨੌਜਵਾਨ ਨੇ ਪੱਖੇ ਨਾਲ ਫਾਹਾ ਲਾ ਕੇ ਖੁਦਕਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਇਸ਼ਾਨ ਅਨੇਜਾ ਵਜੋਂ ਹੋਈ। ਸ਼ਹਿਰ ਦੇ ਗੁਰਦੁਆਰਾ ਕਲਗੀਧਰ ਸਾਹਿਬ ਸਾਹਮਣੇ ਇਸ਼ਾਨ ਅਨੇਜਾ ਚੰਡੀਗੜ੍ਹ ਸੂਪ ਦੇ ਨਾਂ ਹੇਠ ਰੇਹੜੀ ਲਾਉਂਦਾ ਸੀ। ਇਸ ਤੋਂ ਇਲਾਵਾ ਇਸ਼ਾਨ ਸਟਾਕ ਮਾਰਕੀਟ ਦਾ ਵੀ ਕੰਮ ਕਰਦਾ ਸੀ। ਜਾਣਕਾਰੀ ਅਨੁਸਾਰ ਸਟਾਕ ਮਾਰਕੀਟ ਦੇ ਕੰਮ ਵਿੱਚ ਉਸ ਨੂੰ ਘਾਟਾ ਪੈ ਗਿਆ। ਕੁਝ ਲੋਕਾਂ ਕੋਲ ਉਸ ਦੇ ਚੈੱਕ ਸਨ, ਜੋ ਪੈਸੇ ਲਈ ਉਸ ਨੂੰ ਪ੍ਰੇਸ਼ਾਨ ਕਰ ਰਹੇ ਸਨ। ਲੋਕਾਂ ਵੱਲੋਂ ਪੈਸੇ ਮੰਗਣ ’ਤੇ ਉਹ ਮਾਨਸਿਕ ਤੌਰ ਉੱਤੇ ਪ੍ਰੇਸ਼ਾਨ ਰਹਿੰਦਾ ਸੀ। ਇਸੇ ਮਾਨਸਿਕ ਪ੍ਰੇਸ਼ਾਨੀ ਕਾਰਨ ਉਸ ਨੇ ਘਰ ਵਿੱਚ ਪੱਖੇ ਨਾਲ ਫਾਹਾ ਲਗਾ ਕੇ ਖੁਦਕਸ਼ੀ ਕਰ ਲਈ। ਇਸ਼ਾਨ ਦੇ ਪਰਿਵਾਰ ਵਿੱਚ ਪਿੱਛੇ ਪਤਨੀ ਤੇ ਪੰਜ ਸਾਲ ਦਾ ਪੁੱਤਰ ਹੈ।