ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 1 ਅਗਸਤ
ਇੱਥੇ ਡੀਐੱਮਸੀ ਹਸਪਤਾਲ ਵਿੱਚ ਔਰਤ ਨੇ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰ ਲਈ। ਉਸ ਦੀ ਪਛਾਣ ਕੁਲਬੀਰ ਕੌਰ ਵਾਸੀ ਪਿੰਡ ਬਡਾਲਾ (ਫਿਲੌਰ) ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਮਹੀਨਾ ਪਹਿਲਾਂ ਉਸ ਦੇ ਪਤੀ ਨੂੰ ਬਰੇਨਸਟ੍ਰੋਕ ਹੋ ਗਿਆ ਸੀ ਅਤੇ ਉਹ ਇੱਥੇ ਡੀਐੱਮਸੀ ਹਸਪਤਾਲ ਵਿੱਚ ਦਾਖ਼ਲ ਸੀ। ਉਹ ਆਪਣੇ ਪਤੀ ਦੇ ਇਲਾਜ ’ਤੇ ਆ ਰਹੇ ਖਰਚ ਤੋਂ ਪ੍ਰੇਸ਼ਾਨ ਰਹਿੰਦੀ ਸੀ। ਜ਼ਹਿਰੀਲੀ ਚੀਜ਼ ਖਾਣ ਮਗਰੋਂ ਉਸ ਦੀ ਸਿਹਤ ਵਿਗੜ ਗਈ। ਉਸ ਨੂੰ ਇੱਥੇ ਹਸਪਤਾਲ ਵਿੱਚ ਦਿਖਾਇਆ, ਪਰ ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ। ਸੂਚਨਾ ਮਿਲਣ ਤੋਂ ਬਾਅਦ ਡੀਐੱਮਸੀ ਹਸਪਤਾਲ ਚੌਕੀ ਪੁਲੀਸ ਦੇ ਇੰਚਾਰਜ ਏਐੱਸਆਈ ਸਤਨਾਮ ਸਿੰਘ ਘਟਨਾ ਸਥਾਨ ’ਤੇ ਪੁੱਜੇ। ਪੁਲੀਸ ਨੇ ਪੋਸਟਮਾਰਟਮ ਮਗਰੋਂ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।
ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਨਵੀਨ ਕੁਮਾਰ ਨੇ ਦੱਸਿਆ ਕਿ ਕੁਲਬੀਰ ਕੌਰ ਦੇ ਪਤੀ ਨੂੰ ਇੱਕ ਮਹੀਨਾ ਪਹਿਲਾਂ ਬਰੇਨਸਟ੍ਰੋਕ ਦਾ ਅਟੈਕ ਹੋਇਆ ਸੀ। ਜਿਸ ਕਾਰਨ ਉਸਦੀ ਸਿਹਤ ਜ਼ਿਆਦਾ ਖਰਾਬ ਸੀ। ਉਹ ਪਿਛਲੇ ਇੱਕ ਮਹੀਨੇ ਤੋਂ ਡੀਐੱਮਸੀ ਹਸਪਤਾਲ ਵਿੱਚ ਹੀ ਦਾਖ਼ਲ ਸੀ, ਪਰ ਉਸਦੀ ਹਾਲਤ ਠੀਕ ਨਹੀਂ ਹੋ ਰਹੀ ਸੀ। ਉਹ ਪਤੀ ਦੇ ਸਿਹਤਯਾਬ ਨਾ ਹੋਣ ਅਤੇ ਉਸ ਦੇ ਇਲਾਜ ’ਤੇ ਲਗਾਤਾਰ ਵਧ ਰਹੇ ਬਿੱਲ ਤੋਂ ਪ੍ਰੇਸ਼ਾਨ ਹੋ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਵਿੱਚ ਕੁਲਬੀਰ ਕੌਰ ਲੱਖਾਂ ਰੁਪਏ ਜਮ੍ਹਾਂ ਕਰਵਾ ਚੁੱਕੀ ਸੀ। ਇਸੇ ਪ੍ਰੇਸ਼ਾਨੀ ਦੇ ਚੱਲਦੇ ਉਸਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਜਦੋਂ ਉਸਦੀ ਸਿਹਤ ਖਰਾਬ ਹੋਈ ਤਾਂ ਰਿਸ਼ਤੇਦਾਰਾਂ ਨੇ ਉਸਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ। ਉਸਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਗਈ, ਪਰ ਉਸਨੇ ਦਮ ਤੋੜ ਦਿੱਤਾ। ਥਾਣਾ ਡਵੀਜ਼ਨ ਨੰ. 8 ਦੀ ਪੁਲੀਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਸਿਵਲ ਹਸਪਤਾਲ ਭੇਜ ਕੇ ਪੋਸਟਮਾਰਟਮ ਕਰਵਾਇਆ ਤੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ।