ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 7 ਅਕਤੂਬਰ
ਥਾਣਾ ਟਿੱਬਾ ਦੇ ਇਲਾਕੇ ਕੰਪਨੀ ਬਾਗ ਟਿੱਬਾ ਰੋਡ ਰਹਿੰਦੇ ਨੌਜਵਾਨ ਵੱਲੋਂ ਆਪਣੀ ਪਤਨੀ ਅਤੇ ਸਹੁਰਿਆਂ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰਨ ਦੀ ਸੂਚਨਾ ਮਿਲੀ ਹੈ। ਲੜਕੇ ਦੀ ਮਾਤਾ ਪਰਵੀਨ ਕਾਂਤਾ ਨੇ ਦੱਸਿਆ ਹੈ ਕਿ ਉਸ ਦੇ ਲੜਕੇ ਗੁਰਦੀਪ ਸਿੰਘ ਦਾ ਆਪਣੀ ਪਤਨੀ ਪ੍ਰੀਤੀ ਰਾਣੀ ਨਾਲ ਅਕਸਰ ਝਗੜਾ ਰਹਿੰਦਾ ਸੀ ਅਤੇ ਇਸ ਕਾਰਨ ਪ੍ਰੀਤੀ ਦੇ ਮਾਤਾ ਪਿਤਾ ਲੜਕੀ ਨੂੰ ਆਪਣੇ ਨਾਲ ਲੈ ਜਾਂਦੇ ਸਨ। ਜਿਸ ਤੋਂ ਗੁਰਦੀਪ ਸਿੰਘ ਕਾਫ਼ੀ ਦੁਖੀ ਅਤੇ ਪ੍ਰੇਸ਼ਾਨ ਰਹਿੰਦਾ ਸੀ। ਉਸ ਨੇ 30 ਸਤੰਬਰ ਨੂੰ ਆਪਣੇ ਉੱਪਰ ਮਿੱਟੀ ਦਾ ਤੇਲ ਪਾ ਕੇ ਅੱਗ ਲਗਾ ਲਈ ਜਿਸ ’ਤੇ ਉਸ ਨੂੰ ਝੁਲਸੀ ਹਾਲਤ ਵਿੱਚ ਪੀਜੀਆਈ ਚੰਡੀਗੜ੍ਹ ਲਿਜਾਇਆ ਗਿਆ ਜਿਥੇ ਅੱਜ ਉਸ ਦੀ ਮੌਤ ਹੋ ਗਈ। ਜਾਂਚ ਅਧਿਕਾਰੀ ਸੁਖਦੇਵ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਪਤਨੀ ਪ੍ਰੀਤੀ ਰਾਣੀ, ਰਾਮ ਚੰਦ ਵਾਰਨ ਵਾਸੀ ਮਾਨਸਾ, ਉਸ ਦੀ ਪਤਨੀ ਸ਼ੋਭਾ ਦੇਵੀ, ਵਿਕਰਮ ਕੁਮਾਰੀ ਪਤਨੀ ਚੰਦਰਪਾਲ ਅਤੇ ਚੰਦਰਪਾਲ ਵਾਸੀ ਕੰਪਨੀ ਬਾਗ ਟਿੱਬਾ ਰੋਡ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਮ੍ਰਿਤਕ ਗੁਰਦੀਪ ਸਿੰਘ ਦੇ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।