ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 5 ਜੁਲਾਈ
ਬਲਾਕ ਮਾਛੀਵਾੜਾ ਅਧੀਨ ਪੈਂਦੇ ਪਿੰਡ ਰਹੀਮਾਬਾਦ ਖੁਰਦ ਵਿੱਚ ਪੀਲੀਏ ਦੀ ਬੀਮਾਰੀ ਫੈਲਣ ਕਾਰਨ ਸਹਿਮ ਦਾ ਮਾਹੌਲ ਹੈ ਕਿਉਂਕਿ ਕੁਝ ਹੀ ਦਿਨਾਂ ’ਚ 7 ਮਰੀਜ਼ ਸਾਹਮਣੇ ਆ ਗਏ ਹਨ। ਜਾਣਕਾਰੀ ਅਨੁਸਾਰ ਰਹੀਮਾਬਾਦ ਖੁਰਦ ਦੇ ਇਹ 7 ਮਰੀਜ਼ ਮਾਛੀਵਾੜਾ ਦੇ ਹਸਪਤਾਲਾਂ ਵਿੱਚ ਜਾਂਚ ਕਰਵਾ ਰਹੇ ਹਨ ਜਿਨ੍ਹਾਂ ਦੇ ਖੂਨ ਦੀ ਜਾਂਚ ਦੌਰਾਨ ਉਨ੍ਹਾਂ ਵਿੱਚ ਪੀਲੀਏ ਦੇ ਲੱਛਣ ਮਿਲੇ ਹਨ। ਇੱਕੋ ਪਿੰਡ ਵਿੱਚ ਇਸ ਬਿਮਾਰੀ ਦੇ 7 ਮਰੀਜ਼ ਸਾਹਮਣੇ ਆਉਣ ਕਾਰਨ ਸਿਹਤ ਵਿਭਾਗ ਵਿੱਚ ਵੀ ਹੜਕੰਪ ਮਚ ਗਿਆ ਅਤੇ ਭਲਕੇ ਟੀਮਾਂ ਪਿੰਡ ਵਿਚ ਜਾ ਕੇ ਇਸ ਬੀਮਾਰੀ ਦੇ ਫੈਲਣ ਦੀ ਜਾਂਚ ਕਰਨਗੀਆਂ। ਐੱਸਐੱਮਓ ਡਾ. ਜਸਪ੍ਰੀਤ ਕੌਰ ਨੇ ਦੱਸਿਆ ਕਿ 7 ਮਰੀਜ਼ ਸਾਹਮਣੇ ਆ ਜਾਣ ਦੀ ਜਾਂਚ ਦੇ ਕਾਰਨਾਂ ਲਈ ਭਲਕੇ ਸਿਹਤ ਵਿਭਾਗ ਦੀਆਂ ਟੀਮਾਂ ਪਾਣੀ ਦੇ ਸੈਂਪਲ ਲੈਣਗੀਆਂ। ਉਨ੍ਹਾਂ ਦੱਸਿਆ ਕਿ ਇਸ ਬਿਮਾਰੀ ਦਾ ਫੈਲਣ ਦਾ ਕਾਰਨ ਇਹ ਵੀ ਹੋ ਸਕਦਾ ਹੈ ਪਿੰਡ ’ਚ ਪੀਣ ਵਾਲੇ ਪਾਣੀ ਵਿੱਚ ਦੂਸ਼ਿਤ ਪਾਣੀ ਨਾ ਮਿਲ ਗਿਆ ਹੋਵੇ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਪਾਣੀ ਦੇ ਸੈਂਪਲ ਵੀ ਲਏ ਜਾਣਗੇ ਜਿਸਦੀ ਰਿਪੋਰਟ ਆਉਣ ਤੋਂ ਬਾਅਦ ਹੀ ਤੱਥ ਸਾਹਮਣੇ ਆਉਣਗੇ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਨੂੰ ਵੀ ਇਸ ਬਿਮਾਰੀ ਨਾਲ ਸਬੰਧਤ ਲੱਛਣ ਹਨ ਤਾਂ ਉਹ ਸਿਵਲ ਹਸਪਤਾਲ ਜਾ ਕੇ ਟੈਸਟ ਤੇ ਇਲਾਜ ਕਰਵਾਉਣ। ਇਸ ਦੌਰਾਨ, ਡਾ. ਸੁਨੀਲ ਦੱਤ ਨੇ ਦੱਸਿਆ ਕਿ ਉਨ੍ਹਾਂ ਕੋਲ ਇਸ ਬਿਮਾਰੀ ਨਾਲ ਪਿੰਡ ਦੇ ਹੀ 2 ਮਰੀਜ਼ ਦਾਖਲ ਸਨ ਜਿਨ੍ਹਾਂ ਨੂੰ ਅੱਜ ਹੀ ਛੁੱਟੀ ਦਿੱਤੀ ਗਈ ਹੈ।