ਖੇਤਰੀ ਪ੍ਰਤੀਨਿਧ
ਲੁਧਿਆਣਾ, 8 ਮਈ
ਲੁਧਿਆਣਾ ਡਿਸਟ੍ਰਿਕਟ ਬੇਸਬਾਲ ਐਸੋਸੀਏਸ਼ਨ ਵੱਲੋਂ ਕਰਵਾਈ ਗਈ 9ਵੀਂ ਸਬ ਜੂਨੀਅਰ ਡਿਸਟ੍ਰਿਕਟ ਬੇਸਬਾਲ ਚੈਂਪੀਅਨਸ਼ਿਪ ਗੌਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਗਿੱਲ ਦੀ ਕੁੜੀਆਂ ਦੀ ਟੀਮ ਨੇ ਜਿੱਤ ਲਈ ਹੈ। ਫਾਈਨਲ ਮੁਕਾਬਲੇ ’ਚ ਇਸ ਟੀਮ ਨੇ ਗਿੱਲ ਬੇਸਬਾਲ ਕਲੱਬ ਨੂੰ 12-2 ਦੇ ਵੱਡੇ ਫ਼ਰਕ ਨਾਲ ਹਰਾਇਆ। ਚੈਂਪੀਅਨਸ਼ਿਪ ਵਿੱਚ ਲੜਕੀਆਂ ਦੀਆਂ ਕੁੱਲ ਸੱਤ ਟੀਮਾਂ ਹਿੱਸਾ ਲੈ ਰਹੀਆਂ ਸਨ।
ਚੈਂਪੀਅਨਸ਼ਿਪ ਦੌਰਾਨ ਲੜਕਿਆਂ ਦੇ ਮੈਚਾਂ ਤੋਂ ਬਾਅਦ ਲੜਕੀਆਂ ਦੀਆਂ ਟੀਮਾਂ ਦੇ ਮੁਕਾਬਲੇ ਕਰਵਾਏ ਗਏ। ਲੜਕੀਆਂ ਦੇ ਪਹਿਲੇ ਮੁਕਾਬਲੇ ਵਿੱਚ ਗਿੱਲ ਬੇਸਬਾਲ ਕਲੱਬ ਨੇ ਖਾਲਸਾ ਵਾਰੀਅਰ ਬੇਸਬਾਲ ਕਲੱਬ ਨੂੰ 2-0 ਨਾਲ, ਦੂਜੇ ਮੈਚ ਵਿੱਚ ਨਾਈਟੈਂਗਲ ਸੀਨੀਅਰ ਸੈਕੰਡਰੀ ਸਕੂਲ ਨੇ ਜੀਐੱਨਡਬਲਿਊੁ ਬੇਸਬਾਲ ਕਲੱਬ ਨੂੰ 2-1 ਨਾਲ, ਤੀਜੇ ਮੈਚ ਵਿੱਚ ਖਾਲਸਾ ਬੇਸਬਾਲ ਕਲੱਬ ਨੇ ਨਾਈਟੈਂਗਲ ਬੇਸਬਾਲ ਕਲੱਬ ਨੂੰ 6-5 ਨਾਲ ਹਰਾਇਆ। ਪਹਿਲੇ ਸੈਮੀਫਾਈਨਲ ਮੈਚ ਵਿੱਚ ਗੌਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਗਿੱਲ ਦੀ ਟੀਮ ਨੇ ਨਾਈਟੈਂਗਲ ਸਕੂਲ ਨੂੰ 2-0 ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ। ਜੇਤੂ ਟੀਮ ਵੱਲੋਂ ਅਮਨਦੀਪ ਅਤੇ ਮਨਪ੍ਰੀਤ ਨੇ ਇੱਕ- ਇੱਕ ਗੋਲ ਦਾ ਯੋਗਦਾਨ ਪਾਇਆ।
ਦੂਜੇ ਸੈਮੀਫਾਈਨਲ ਮੈਚ ਵਿੱਚ ਗਿੱਲ ਬੇਸਬਾਲ ਕਲੱਬ ਨੇ ਖਾਲਸਾ ਵਾਰੀਅਰ ਕਲੱਬ ਨੂੰ 5-4 ਦੇ ਫ਼ਰਕ ਨਾਲ ਮਾਤ ਦਿੱਤੀ। ਜੇਤੂ ਟੀਮ ਵੱਲੋਂ ਕੋਮਲ ਅਤੇ ਜਸਪ੍ਰੀਤ ਨੇ ਯੋਗਦਾਨ ਪਾਇਆ। ਫਾਈਨਲ ਮੈਚ ਵਿੱਚ ਗੌਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਗਿੱਲ ਨੇ ਗਿੱਲ ਬੇਸਬਾਲ ਕਲੱਬ ਨੂੰ 12-2 ਦੇ ਵੱਡੇ ਫਰਕ ਨਾਲ ਹਰਾ ਕੇ ਚੈਂਪੀਅਨ ਹੋਣ ਦਾ ਮਾਣ ਪ੍ਰਾਪਤ ਕੀਤਾ। ਇਸ ਚੈਂਪੀਅਨਸ਼ਿਪ ਵਿੱਚ ਤੀਜੇ ਸਥਾਨ ਲਈ ਹੋਇਆ ਮੁਕਾਬਲਾ ਨਾਈਟੈਂਗਲ ਸਕੂਲ ਨੇ ਜਿੱਤਿਆ।