ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 26 ਜੂਨ
ਹੰਬੜਾ ਰੋਡ ’ਤੇ ਪਾਵਰਕੌਮ ਦੇ ਨੋਡਲ ਸ਼ਿਕਾਇਤ ਕੇਂਦਰ ਦਾ ਉਦਘਾਟਨ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕੀਤਾ। ਉਨ੍ਹਾਂ ਕਿਹਾ ਕਿ 65 ਹਜ਼ਾਰ ਤੋਂ ਵੱਧ ਖ਼ਪਤਕਾਰਾਂ ਦੇ ਲਾਭਹਿੱਤ ਹੈਬੋਵਾਲ ਕਲਾਂ, ਹੈਬੋਵਾਲ ਖੁਰਦ, ਪ੍ਰਤਾਪ ਸਿੰਘ ਵਾਲਾ, ਡੇਅਰੀ ਕੰਪਲੈਕਸ, ਹੰਬੜਾਂ ਰੋਡ, ਬੱਲੋਕੇ, ਜੱਸੀਆਂ ਰੋਡ, ਚੂਹੜਪੁਰ, ਲਾਦੀਆਂ, ਰਿਸ਼ੀ ਨਗਰ ਅਤੇ ਨਾਲ ਲੱਗਦੇ ਹੋਰ ਇਲਾਕਿਆਂ ਲਈ ਇਕ ਸਬ-ਡਿਵੀਜ਼ਨਲ ਦਫ਼ਤਰ ਦਾ ਨਿਰਮਾਣ ਸਥਾਨਕ ਹੰਬੜਾਂ ਰੋਡ ’ਤੇ ਫਾਇਰ ਸਟੇਸ਼ਨ ਦੇ ਨਾਲ ਲੱਗਦੀ ਨਗਰ ਨਿਗਮ ਦੀ 500 ਵਰਗ ਗਜ ਜ਼ਮੀਨ ’ਤੇ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਨੋਡਲ ਸੈਂਟਰ ਦੇ ਕਾਰਜਸ਼ੀਲਤਾ ਨਾਲ ਬਿਜਲੀ ਨਾਲ ਸਬੰਧਤ ਖਪਤਕਾਰਾਂ ਦੀਆਂ ਸ਼ਿਕਾਇਤਾਂ ਦਾ ਸਮੇਂ ਸਿਰ ਹੱਲ ਯਕੀਨੀ ਬਣਾਇਆ ਜਾਵੇਗਾ। ਇਸ ਮੌਕੇ ਮੇਅਰ ਬਲਕਾਰ ਸਿੰਘ ਸੰਧੂ, ਨਿਗਮ ਕੌਂਸਲਰ ਡਾ. ਜੈ ਪ੍ਰਕਾਸ਼, ਸੰਨੀ ਭੱਲਾ, ਰੌਕੀ ਭਾਟੀਆ, ਮਹਾਰਾਜ ਸਿੰਘ ਰਾਜੀ, ਬਲਜਿੰਦਰ ਸਿੰਘ ਸੰਧੂ, ਸੀਨੀਅਰ ਕਾਂਗਰਸੀ ਆਗੂ ਸਾਬੀ ਤੂਰ, ਹੇਮਰਾਜ ਅਗਰਵਾਲ, ਪ੍ਰਵੀਨ ਗਰੋਵਰ, ਵਿਪਨ ਵਿਨਾਇਕ, ਰੋਹਿਤ ਸਿੱਕਾ, ਐੱਸ.ਡੀ.ਓ ਨਗਰ ਨਿਗਮ ਸੰਜੀਵ ਸ਼ਰਮਾ ਆਦਿ ਮੌਜੂਦ ਸਨ।