ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 12 ਮਈ
ਪੁਲੀਸ ਮੁਲਾਜ਼ਮਾਂ ਦੀ ਨਫਰੀ ਘੱਟ ਹੋਣ ਕਾਰਨ ਇਲਾਕੇ ’ਚ ਅਪਰਾਧਕ ਵਾਰਦਾਤਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ।
ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਅਧਿਕਾਰ ਖੇਤਰ ’ਚ ਆਉਂਦੇ ਥਾਣਾ ਸ਼ਹਿਰੀ, ਥਾਣਾ ਸਦਰ, ਥਾਣਾ ਸਿੱਧਵਾਂ ਬੇਟ, ਥਾਣਾ ਹਠੂਰ, ਥਾਣਾ ਦਾਖਾ, ਥਾਣਾ ਸੁਧਾਰ, ਥਾਣਾ ਜੋਧਾਂ ਅਤੇ ਥਾਣਾ ਰਾਏਕੋਟ ਆਦਿ ਦੀਆਂ ਇਮਾਰਤਾਂ ਤਾਂ ਸ਼ਾਨਦਾਰ ਹਨ ਪਰ ਤਰਾਸਦੀ ਇਹ ਹੈ ਕਿ ਥਾਣਿਆਂ ’ਚ ਮੁਲਾਜ਼ਮਾਂ, ਅਫਸਰਾਂ ਅਤੇ ਸਫਾਈ ਕਰਮਚਾਰੀਆਂ ਸਮੇਤ ਸੰਤਰੀਆਂ ਦੀਆਂ ਅਸਾਮੀਆਂ ਖਾਲੀ ਹਨ। ਇਸ ਕਾਰਨ ਆਮ ਲੋਕਾਂ ਨੂੰ ਸ਼ਿਕਾਇਤਾਂ ਦਾ ਨਿਪਟਾਰਾ ਕਰਵਾਉਣਾ ਔਖਾ ਹੋ ਗਿਆ ਹੈ। ਥਾਣਾ ਸਦਰ ਅਧੀਨ ਪੁਲੀਸ ਚੌਕੀ ਚੌਂਕੀਮਾਨ ’ਚ ਸਿਰਫ ਚਾਰ ਮੁਲਾਜ਼ਮ ਹੀ ਹਨ। ਇਸੇ ਤਰ੍ਹਾਂ ਪੁਲੀਸ ਚੌਕੀ ਕਾਉਂਕੇ ਕਲਾਂ ’ਚ ਸਿਰਫ ਦੋ ਮੁਲਾਜ਼ਮ ਹੀ ਕੰਮ ਚਲਾ ਰਹੇ ਹਨ। ਗਾਲਬਿ ਕਲਾਂ ’ਚ ਚਾਰ ਮੁਲਾਜ਼ਮ ਹਨ। ਇਹੀ ਹਾਲ ਜ਼ਿਲ੍ਹੇ ਦੀਆਂ ਹੋਰ ਚੌਕੀਆਂ ਅਤੇ ਥਾਣਿਆਂ ਦਾ ਹੈ।