ਸਤਵਿੰਦਰ ਬਸਰਾ
ਲੁਧਿਆਣਾ, 12 ਮਈ
ਇੱਥੇ ਐੱਸਸੀਡੀ ਕਾਲਜ ਵਿੱਚ ਕਾਲਜ ਦੇ ਐੱਨਸੀਸੀ, ਐੱਨਐੱਸਐੱਸ ਅਤੇ ਆਈਕੀਯੂ ਏਸੀ ਦੇ ਸਾਂਝੇ ਸਹਿਯੋਗ ਨਾਲ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿੱਚ ਮੁੱਖ ਮਹਿਮਾਨ ਅਤੇ ਮੁੱਖ ਬੁਲਾਰੇ ਵਜੋਂ ਕੇਂਦਰ ਦੇ ਘਰੇਲੂ ਤੇ ਸ਼ਹਿਰੀ ਮਾਮਲੇ ਦੇ ਮੰਤਰੀ ਕੌਸ਼ਲ ਕਿਸ਼ੋਰ ਨੇ ਸ਼ਿਰਕਤ ਕੀਤੀ। ‘ਨਸ਼ਾ ਮੁਕਤ ਸਮਾਜ ਅਭਿਆਨ-ਅੰਦੋਲਨ ਕੌਂਸਲ ਦਾ’ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਕੌਸ਼ਲ ਕਿਸ਼ੋਰ ਨੇ ਸੰਪੂਰਨ ਅੰਕੜਿਆਂ ਨਾਲ ਇਸ ਵਿਸ਼ੇ ਨੂੰ ਸਾਰਿਆਂ ਦੇ ਸਾਹਮਣੇ ਰੱਖਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਆਪਣਾ ਪੁੱਤ ਆਕਾਸ਼ ਕਿਸ਼ੋਰ ਨਸ਼ੇ ਦੀ ਬਲੀ ਚੜ੍ਹ ਗਿਆ। ਉਨ੍ਹਾਂ ਨੇ ਮੌਜੂਦਾ ਅਧਿਆਪਕ ਅਤੇ ਵਿਦਿਆਰਥੀਆਂ ਨੂੰ ਸਹੁੰ ਚੁਕਾਈ ਕਿ ਉਹ ਅੱਜ ਤੋਂ ਹਰ ਤਰ੍ਹਾਂ ਦੇ ਨਸ਼ੇ ਦੇ ਵਿਰੋਧ ਵਿੱਚ ਮੁਹਿੰਮ ਸ਼ੁਰੂ ਕਰਨਗੇ ਅਤੇ ਇਸ ਦੀ ਰੋਕਥਾਮ ਲਈ ਹਰ ਸੰਭਵ ਯਤਨ ਕਰਦੇ ਰਹਿਣਗੇ।
ਇਸ ਤੋਂ ਪਹਿਲਾਂ ਕਾਲਜ ਦੇ ਪ੍ਰਿੰਸੀਪਲ ਡਾ. ਪਰਦੀਪ ਸਿੰਘ ਵਾਲੀਆ ਨੇ ਮੁੱਖ ਮਹਿਮਾਨ ਅਤੇ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਪਹੁੰਚੇ ਜ਼ਿਲ੍ਹਾ ਅਸਟੇਟ ਅਫਸਰ ਗਲਾਡਾ ਪੀਐੱਸ ਬੈਂਸ ਨੂੰ ਨਿੱਘੀ ਜੀ ਆਇਆਂ ਆਖੀ। ਉਨ੍ਹਾਂ ਕਿਹਾ ਕਿ ਸਮਾਗਮ ਦਾ ਮੁੱਖ ਉਦੇਸ਼ ਸਮਾਜ ਨੂੰ ਨਸ਼ੇ ਤੋਂ ਮੁਕਤ ਕਰਨਾ ਅਤੇ ਨੌਜਵਾਨ ਪੀੜ੍ਹੀ ਨੂੰ ਸਹੀ ਰਾਹ ’ਤੇ ਚੱਲਣ ਲਈ ਪ੍ਰੇਰਿਤ ਕਰਨਾ ਹੈ। ਇਸ ਮੌਕੇ ਉਨ੍ਹਾਂ ਨੇ ਕਾਲਜ ਦੇ ਇਤਿਹਾਸ ਤੋਂ ਵੀ ਮਹਿਮਾਨਾਂ ਨੂੰ ਜਾਣੂ ਕਰਵਾਇਆ।
ਸਮਾਗਮ ਦੇ ਅਖੀਰ ਵਿੱਚ ਮੰਤਰੀ ਕੌਸ਼ਲ ਕਿਸ਼ੋਰ ਅਤੇ ਉਨ੍ਹਾਂ ਨਾਲ ਆਏ ਅਕਸ਼ਿਤ ਕਾਂਤ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਕਾਲਜ ਦੀ ਵਾਈਸ ਪ੍ਰਿੰਸੀਪਲ ਡਾ. ਸਤਿਆ ਰਾਣੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਜਦਕਿ ਸਟੇਜ ਸੰਚਾਲਨ ਪ੍ਰੋ. ਗੀਤਾਂਜਲੀ ਅਤੇ ਪ੍ਰੋ. ਈਰਾਦੀਪ ਨੇ ਕੀਤਾ।