ਪੱਤਰ ਪ੍ਰੇਰਕ
ਰਾਏਕੋਟ, 27 ਫਰਵਰੀ
ਸਰਕਾਰੀ ਸਕੂਲਾਂ ਦੇ ਨਵੀਨੀਕਰਨ ਅਤੇ ਵਧੀਆ ਪ੍ਰਬੰਧਾਂ ਸਬੰਧੀ ਸਰਕਾਰਾਂ ਵੱਲੋਂ ਵੱਡੇ ਪੱਧਰ ’ਤੇ ਦਾਅਵੇ ਕੀਤੇ ਜਾਂਦੇ ਹਨ। ਪਰ ਅਸਲੀਅਤ ਕੁਝ ਵੱਖਰੀ ਹੀ ਜਾਪਦੀ ਹੈ। ਇਸ ਦੀ ਤਾਜ਼ਾ ਮਿਸਾਲ ਪਿੰਡ ਰਾਮਗੜ੍ਹ ਸਿਵੀਆਂ ਦੇ ਸਰਕਾਰੀ ਮਿਡਲ ਸਕੂਲ ਦੇ ਮੁੱਖ ਦਰਵਾਜ਼ੇ ਦੇ ਬਾਹਰ ਲੱਗਦੀਆਂ ਰੂੜ੍ਹੀਆਂ ਅਤੇ ਗੰਦਗੀ ਦੇ ਢੇਰਾਂ ਤੋਂ ਮਿਲਦੀ ਹੈ।
ਭਾਵੇਂ ਸਰਕਾਰਾਂ ਵੱਲੋਂ ਬੱਚਿਆਂ ਦੀ ਸਿਹਤਮੰਦੀ ਲਈ ਵੱਡੀ ਪੱਧਰ ’ਤੇ ਉਪਰਾਲੇ ਕੀਤੇ ਜਾਂਦੇ ਹਨ ਪਰ ਲੰਬੇ ਅਰਸੇ ਤੋਂ ਇਸ ਸਕੂਲ ਦੇ ਬਿਲਕੁਲ ਸਾਹਮਣੇ ਇਨ੍ਹਾਂ ਗੰਦਗੀ ਦੇ ਢੇਰਾਂ ਤੋਂ ਸਕੂਲੀ ਵਿਦਿਆਰਥੀਆਂ ਦੀ ਸਿਹਤ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਤੋਂ ਸਥਾਨਕ ਪ੍ਰਸ਼ਾਸਨ ਅਤੇ ਸਕੂਲੀ ਪ੍ਰਬੰਧਕ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਹਨ। ਗੋਹੇ ਦੇ ਢੇਰਾਂ, ਗੰਦਗੀ ਦੀਆਂ ਰੂੜੀਆਂ ਮੂਹਰੇ ਲੰਗਦੇ ਆਮ ਇਨਸਾਨ ਆਪਣੇ ਨੱਕ ਘੁੱਟ ਕੇ ਲੰਘਦੇ ਹਨ , ਉੱਥੇ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਸਕੂਲ ਵਿੱਚ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦੀ ਸਿਹਤ ਤੇ ਕਿੰਨਾ ਮਾੜਾ ਪ੍ਰਭਾਵ ਪੈਂਦਾ ਹੋਵੇਗਾ ਇਸ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਪਿੰਡ ਦੇ ਸਰਪੰਚ ਹਰਬੰਸ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਸਕੂਲ ਨਾਲ ਲੱਗਦੀ ਸ਼ਾਮਲਾਟਾਂ ਨੂੰ ਪਿੰਡ ਦੇ ਲੋਕਾਂ ਵੱਲੋਂ ਰੂੜੀਆਂ ਅਤੇ ਗੋਹੇ ਨੂੰ ਸੁੱਟਣ ਲਈ ਵਰਤੋਂ ਵਿੱਚ ਲਿਆਂਦਾ ਜਾ ਰਿਹਾ ਹੈ, ਪਰ ਲੋਕਾਂ ਵੱਲੋਂ ਇੱਥੇ ਗੰਦਗੀ ਭਰੇ ਕੂੜੇ ਨੂੰ ਵੀ ਸੁੱਟਣਾ ਵੀ ਸੁਰੂ ਕਰ ਦਿੱਤਾ ਗਿਆ, ਜਿਸ ਸੰਬੰਧੀ ਕਈ ਵਾਰ ਰੋਕਿਆ ਗਿਆ ਪਰ ਲੋਕਾਂ ਵੱਲੋਂ ਪੰਚਾਇਤ ਦੀ ਅਪੀਲ ਨੂੰ ਅਣਗੌਲਿਆਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਸਕੂਲ ਲਈ ਅਲੱਗ ਮੁੱਖ ਦਰਵਾਜਾ ਮੇਨ ਸੜਕ ’ਤੇ ਕੱਢਿਆ ਜਾ ਰਿਹਾ ਹੈ।