ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 30 ਅਪਰੈਲ
ਸਥਾਨਕ ਜੀਐੱਚਜੀ ਅਕੈਡਮੀ ’ਚ ਅੱਜ ਵਿਦਿਆਰਥੀ ਕੌਂਸਲ ਪ੍ਰੋਗਰਾਮ ਕਰਵਾਇਆ ਗਿਆ। 7ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀ ‘ਵਿਦਿਆਰਥੀ ਕੌਂਸਲ ਸੰਗਠਨ’ ਦਾ ਹਿੱਸਾ ਬਣੇ। ਚੋਣ ਦੌਰਾਨ ਵਿਦਿਆਰਥੀਆਂ ਤੋਂ ਪ੍ਰਸ਼ਨ ਪੁੱਛੇ ਗਏ। ਉਨ੍ਹਾਂ ਦੀ ਯੋਗਤਾ ਨੂੰ ਦੇਖਦੇ ਹੋਏ ਉਨ੍ਹਾਂ ਦੀ ਚੋਣ ਅਧਿਆਪਕਾਂ ਦੀ ਕਮੇਟੀ ਅਤੇ ਪ੍ਰਿੰਸੀਪਲ ਦੁਆਰਾ ਕੀਤੀ ਗਈ। ਵਿਦਿਆਰਥੀਆਂ ਦੀ ਯੋਗਤਾ ਅਨੁਸਾਰ ਉਨ੍ਹਾਂ ਨੂੰ ਵੱਖ-ਵੱਖ ਵਿਭਾਗ ਜਿਵੇਂ ਸਕੂਲ ਅਨੁਸ਼ਾਸਨ ਇੰਚਾਰਜ, ਧਾਰਮਿਕ ਸਿੱਖਿਆ, ਗਤੀਵਿਧੀ ਇੰਚਾਰਜ ਲਈ ਨਿਯੁਕਤ ਕੀਤਾ ਗਿਆ। 12ਵੀਂ ਸਾਇੰਸ ਦੇ ਵਿਦਿਆਰਥੀ ਕਰਨਪ੍ਰੀਤ ਸਿੰਘ ਨੂੰ ਹੈੱਡ ਬੁਆਏ ਤੇ 12ਵੀਂ ਸਾਇੰਸ ਦੀ ਵਿਦਿਆਰਥਣ ਏਕਮ ਕੌਰ ਗਰੇਵਾਲ ਨੂੰ ਹੈੱਡ ਗਰਲ ਬਣਾਇਆ ਗਿਆ। ਇਸ ਦੇ ਨਾਲ ਹੀ ਸਕੂਲ ਦੇ ਚਾਰੇ ਹਾਊਸ ਦੇ ਕਪਤਾਨ, ਵਾਈਸ ਕਪਤਾਨ, ਗਤੀਵਿਧੀ ਇੰਚਾਰਜ, ਮੀਡੀਆ ਇੰਚਾਰਜ, ਧਾਰਮਿਕ ਗਤੀਵਿਧੀ ਇੰਚਾਰਜ ਦੇ ਨਾਂ ਵੀ ਐਲਾਨੇ ਗਏ। ਚੁਣੇ ਗਏ ਵਿਦਿਆਰਥੀ ਪਰੇਡ ਕਰਦੇ ਹੋਏ ਸਵੇਰ ਦੀ ਸਭਾ ਦੇ ’ਚ ਸਟੇਜ ’ਤੇ ਪਹੁੰਚੇ ਤੇ ਪ੍ਰਿੰਸੀਪਲ ਰਮਨਜੋਤ ਕੌਰ ਗਰੇਵਾਲ ਤੇ ਹਾਊਸ ਮੁਖੀਆਂ ਦੁਆਰਾ ਉਨ੍ਹਾਂ ਨੂੰ ਸੈਸ਼ੇ ਪਹਿਨਾਏ ਗਏ।
ਇਸ ਉਪਰੰਤ ਸਕੂਲ ਦੇ ਹੈੱਡ ਬੁਆਏ, ਹੈੱਡ ਗਰਲ ਅਤੇ ਚਾਰ ਹਾਊਸ ਦੇ ਕਪਤਾਨਾਂ ਨੇ ਸਹੁੰ ਚੁੱਕਣ ਦੀ ਰਸਮ ਅਦਾ ਕੀਤੀ। ਅਖੀਰ ’ਚ ਪ੍ਰਿੰਸੀਪਲ ਗਰੇਵਾਲ ਨੇ ਨਿਯੁਕਤ ਹੋਏ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਉਨ੍ਹਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਅਤੇ ਇਕ ਨਵੀਂ ਮਿਸਾਲ ਕਾਇਮ ਕਰਨ ਲਈ ਪ੍ਰੇਰਿਤ ਕੀਤਾ।