ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 19 ਸਤੰਬਰ
ਆਬਾਦਕਾਰ ਸੰਘਰਸ਼ ਕਮੇਟੀ ਦੀ ਕਨਵੈਨਸ਼ਨ ਅੱਜ ਸਿੱਧਵਾਂ ਬੇਟ ਵਿਚ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਰੂਪਬਸੰਤ ਵੜੈਚ ਦੀ ਪ੍ਰਧਾਨਗੀ ਹੇਠ ਹੋਈ। ਇਸ ’ਚ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਗਿਆ। ਆਬਾਦਕਾਰਾਂ ਨੂੰ ਮਾਲਕੀ ਹੱਕ ਦਿਵਾਉਣ ਲਈ 10 ਅਕਤੂਬਰ ਨੂੰ ਲੁਧਿਆਣਾ ਵਿਚ ਵੱਡਾ ਪ੍ਰਦਰਸ਼ਨ ਹੋਵੇਗਾ। ਮੰਗਾਂ ਦੇ ਹੱਕ ਵਿੱਚ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਕਾਮਰੇਡ ਵੜੈਚ, ਸੁਰਜੀਤ ਸਿੰਘ ਗਗੜਾ ਨੇ ਕਿਹਾ ਕਿ ਆਬਾਦਕਾਰਾਂ ਨੂੰ ਹੁਣ ਜਿੱਤ ਤੱਕ ਲੜਨਾ ਪਵੇਗਾ। ਪਹਿਲਾਂ ਸਿਰਫ਼ ਜ਼ਮੀਨ ਬਚਾਉਣ ਦੀ ਲੜਾਈ ਲੜੀ ਜਾ ਰਹੀ ਸੀ ਅਤੇ ਸਰਕਾਰ ਵੱਲੋਂ ਚੁੱਪ ਕਰਨ ’ਤੇ ਸੰਘਰਸ਼ੀ ਯੋਧੇ ਵੀ ਟਿਕ ਜਾਂਦੇ ਸਨ, ਪਰ ਹੁਣ ਇਸ ਨਾਲ ਨਹੀਂ ਸਰਨਾ ਤੇ ਇਹ ਲੜਾਈ ਲਗਾਤਾਰ ਜਿੱਤ ਤੱਕ ਜਾਰੀ ਰੱਖਣੀ ਪੈਣੀ ਹੈ। ਸੂਬਾ ਕਮੇਟੀ ਮੈਂਬਰ ਵਰਿੰਦਰ ਸਿੰਘ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ਸਮੇਂ ਵੀ ਕਦੇ ਸੈਰਗਾਹ ਦੇ ਨਾਂ ’ਤੇ ਅਤੇ ਕਦੇ ਸੀਡ ਫਾਰਮ ਦੇ ਨਾਂ ’ਤੇ ਇਹ ਜ਼ਮੀਨਾਂ ਖੋਹਣ ਦੇ ਯਤਨ ਹੋਏ ਹਨ ਜਿਨ੍ਹਾਂ ਨੂੰ ਸਫ਼ਲ ਨਹੀਂ ਹੋਣ ਦਿੱਤਾ। ਹੁਣ ਵੀ ਜਥੇਬੰਦੀਆਂ ਆਬਾਦਕਾਰਾਂ ਨੂੰ ਨਾਲ ਲੈ ਕੇ ਇਹ ਯਤਨ ਨਾਕਾਮਯਾਬ ਕਰਨਗੀਆਂ।
ਜਨਰਲ ਸਕੱਤਰ ਬਲਜੀਤ ਸਿੰਘ ਗਰੇਵਾਲ, ਬਲਦੇਵ ਸਿੰਘ ਲਤਾਲਾ, ਮੇਹਰ ਸਿੰਘ, ਅਜਮੇਰ ਸਿੰਘ ਮੇਹਰੋਂ, ਕਸ਼ਮੀਰ ਸਿੰਘ ਨੇ ਵੀ ਸੰਬੋਧਨ ਕੀਤਾ। ਰੋਸ ਪ੍ਰਦਰਸ਼ਨ ਵਿੱਚ ਤੇਜਾ ਸਿੰਘ ਵੜੈਚ, ਕਿਰਪਾਲ ਸਿੰਘ ਪਮਾਲ, ਕਰਤਾਰ ਸਿੰਘ ਖਹਿਰਾ ਬੇਟ, ਗੁਰਮੇਲ ਸਿੰਘ ਬਲੀਪੁਰ, ਸਰਵਪ੍ਰੀਤ ਸਿੰਘ, ਗੁਰਦੀਪ ਸਿੰਘ ਕੋਟਉਮਰਾ, ਕਰਨੈਲ ਸਿੰਘ ਭੂੰਦੜੀ, ਸੁਖਪਾਲ ਸਿੰਘ ਕੋਟਉਮਰਾ, ਸੁਖਦੀਪ ਸਿੰਘ ਸ਼ੇਰੇਵਾਲ ਆਦਿ ਮੌਜੂਦ ਸਨ।