ਕੁੱਪ ਕਲਾਂ (ਕੁਲਵਿੰਦਰ ਸਿੰਘ ਗਿੱਲ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਅਹਿਮਦਗੜ੍ਹ ਦੇ ਵੱਖ-ਵੱਖ ਪਿੰਡਾਂ ਤੋਂ ਦਿੱਲੀ ਕਿਸਾਨੀ ਸੰਘਰਸ਼ ਲਈ ਪ੍ਰਧਾਨ ਸ਼ੇਰ ਸਿੰਘ ਮਹੋਲੀ ਪ੍ਰਧਾਨ ਡਾ. ਅਮਰਜੀਤ ਸਿੰਘ ਧਲੇਰ ਅਤੇ ਪ੍ਰਧਾਨ ਕੁੱਪ ਖੁਰਦ ਬਲਦੀਪ ਸਿੰਘ ਦੀ ਅਗਵਾਈ ’ਚ ਜਥਾ ਰਵਾਨਾ ਹੋਇਆ। ਜਾਣਕਾਰੀ ਦਿੰਦਿਆਂ ਸਕੱਤਰ ਗੁਰਮੇਲ ਸਿੰਘ, ਰਸ਼ਪਿੰਦਰ ਸਿੰਘ ਗਾਂਧੀ ਅਤੇ ਜਗਦੀਸ਼ ਸਿੰਘ ਡੀਸੀ ਨੇ ਦੱਸਿਆ ਕਿ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਦਿੱਲੀ ਦੀਆਂ ਹੱਦਾਂ ’ਤੇ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਅਹਿਮਦਗੜ੍ਹ ਬਲਾਕ ਦੇ ਪਿੰਡਾਂ ਲਹਿਰਾ ਟੌਲ ਪਲਾਜ਼ਾ, ਅਕਬਰਪੁਰ ਛੰਨਾ, ਕੰਗਣਵਾਲ ,ਭੋਗੀਵਾਲ ਅਤੇ ਧਲੇਰ ਕਲਾਂ ਤੋਂ ਕੇਂਦਰ ਦੀ ਮੋਦੀ ਸਰਕਾਰ ਅਤੇ ਕਾਰਪੋਰੇਟ ਘਰਾਣੇ ਅਡਾਨੀ ਅੰਬਾਨੀ ਮੁਰਦਾਬਾਦ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਕਿਸਾਨਾਂ ਦਾ ਬੱਸਾਂ ਅਤੇ ਨਿੱਜੀ ਵਾਹਨਾਂ ਰਾਹੀਂ ਜੱਥਾ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਆਖਿਆ ਕਿ ਹਰ ਐਤਵਾਰ ਕਿਸਾਨਾਂ ਅਤੇ ਬੀਬੀਆਂ ਦਾ ਵੱਡੀ ਗਿਣਤੀ ਵਿੱਚ ਕਾਫ਼ਲਾ ਕਿਸਾਨੀ ਸੰਘਰਸ਼ ਵਿੱਚ ਸ਼ਮੂਲੀਅਤ ਕਰਨ ਪਹੁੰਚਦਾ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਕੋਲ ਕਿਸਾਨਾਂ ਨੂੰ ਗਿਰਵੀ ਰੱਖ ਦਿੱਤਾ ਕਿਉਂਕਿ ਕਾਰਪੋਰੇਟ ਘਰਾਣੇ ਘੱਟ ਕੀਮਤ ’ਤੇ ਫ਼ਸਲ ਖ਼ਰੀਦ ਨੂੰ ਸਟੋਰ ਕਰ ਕਰੀਬ ਚਾਰ ਗੁਣਾ ਵੱਧ ਦੀ ਕੀਮਤ ’ਤੇ ਵੇਚ ਲੋਕਾਂ ਦੀ ਲੁੱਟ ਕਰ ਮਨਮਰਜ਼ੀ ਕਰਦੀ ਹੈ, ਜਿਸ ਦਾ ਕਿਸਾਨ ਵਿਰੋਧ ਕਰ ਰਹੇ ਹਨ। ਜਿੰਨਾ ਸਮਾਂ ਕੇਂਦਰ ਸਰਕਾਰ ਕਾਲੇ ਖੇਤੀ ਕਾਨੂੰਨ ਬਿੱਲ ਵਾਪਸ ਨਹੀਂ ਲੈਂਦੀ ਉਨ੍ਹਾਂ ਸਮਾਂ ਕਿਸਾਨਾਂ ਦਾ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਨਛੱਤਰ ਸਿੰਘ ਝਨੇਰ, ਊਧਮ ਸਿੰਘ, ਸੁਖਦੇਵ ਸਿੰਘ, ਅਮਨਦੀਪ ਸਿੰਘ, ਸਾਦੀ ਖਾਂ ,ਹਾਕਮ ਸਿੰਘ ਰਾਜਵਿੰਦਰ ਸਿੰਘ ਸੋਨੀ ਪੰਚ ਅਤੇ ਹੋਰ ਮੌਜੂਦ ਸਨ।