ਨਿੱਜੀ ਪੱਤਰ ਪ੍ਰੇਰਕ
ਖੰਨਾ, 24 ਜੂਨ
ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਵੱਲੋਂ ਆਪਣੀਆਂ ਹੱਕੀਂ ਮੰਗਾਂ ਲਈ ਕੀਤੀ ਹੜਤਾਲ ਸਿਰਫ਼ ਖ਼ਾਨਾਪੂਰਤੀ ਬਣ ਕੇ ਰਹਿ ਗਈ ਹੈ। ਇਸ ਹੜਤਾਲ ਦੌਰਾਨ ਕੁਝ ਮੁਲਾਜ਼ਮਾਂ ਦੀਆਂ ਕਲਮਾਂ ਚੱਲਦੀਆਂ ਰਹੀਆਂ। ਦੱਸਣਯੋਗ ਹੈ ਕਿ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਵੱਲੋਂ ਆਪਣੀਆਂ ਮੰਗ ਸਬੰਧੀ 27 ਜੂਨ ਤੱਕ ਕਲਮ ਛੋੜ ਹੜਤਾਲ ਕੀਤੀ ਗਈ, ਇਸ ਦੌਰਾਨ ਆਮ ਲੋਕਾਂ ਲਈ ਬਾਕੀ ਕੰਮਕਾਜ ਠੱਪ ਕੀਤੇ ਗਏ ਪਰ ਤਹਿਸੀਲਦਾਰ ਦੇ ਦਫ਼ਤਰ ਰਜਿਸਟਰੀਆਂ ਕਰਨ ਦਾ ਕੰਮ ਚੱਲਦਾ ਰਿਹਾ। ਇੰਝ ਮੁਲਾਜ਼ਮਾਂ ਦੀ ਹੜਤਾਲ ਨਾਲ ਹੋਰ ਕੰਮਾਂ ਲਈ ਆਉਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਜਗਤਾਰ ਸਿੰਘ, ਹਰਨੇਕ ਸਿੰਘ, ਕਮਲਜੀਤ ਕੌਰ, ਬੂਟਾ ਸਿੰਘ ਅਤੇ ਦਵਿੰਦਰ ਸਿੰਘ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਆਪਣੀਆਂ ਮੰਗਾਂ ਲਈ ਹੜਤਾਲ ਕਰਨ ਦਾ ਹੱਕ ਹੈ ਪਰ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨ ਦਾ ਨਹੀਂ। ਜੇਕਰ ਕਲਮ ਛੋੜ ਹੜਤਾਲ ਦਾ ਐਲਾਨ ਕੀਤਾ ਗਿਆ ਹੈ ਤਾਂ ਫ਼ਿਰ ਰਜਿਸਟਰੀਆਂ ਦਾ ਕੰਮ ਕਿਉਂ ਕੀਤਾ ਜਾ ਰਿਹਾ ਹੈ।