ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 11 ਅਕਤੂਬਰ
ਹੱਕੀ ਮੰਗਾਂ ਮਾਨ ਮੰਨੇ ਜਾਣ ’ਤੇ ਸਫਾਈ ਸੇਵਕਾਂ ਤੇ ਸੀਵਰਮੈਨਾਂ ਨੇ ਮੁੜ ਸੰਘਰਸ਼ ਸ਼ੁਰੂ ਕਰਦਿਆਂ ਅੱਜ ਤੋਂ ਅਣਮਿਥੇ ਸਮੇਂ ਦੀ ਹੜਤਾਲ ਆਰੰਭ ਦਿੱਤੀ। ਇਨ੍ਹਾਂ ਤੋਂ ਇਲਾਵਾ ਧਰਨੇ ਵਿੱਚ ਪੰਪ ਅਪਰੇਟਰ, ਮਾਲੀ ਬੇਲਦਾਰ ਤੇ ਕਲੈਰੀਕਲ ਸਟਾਫ਼ ਵੀ ਸ਼ਾਮਲ ਹੋਇਆ। ਸਫਾਈ ਸੇਵਕਾਂ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਗਿੱਲ ਨੇ ਕਿਹਾ ਕਿ ਨਗਰ ਕੌਂਸਲ ਸਫਾਈ ਸੇਵਕਾਂ, ਸੀਵਰਮੈਨਾਂ ਦੀਆਂ ਮੰਗਾਂ ਲਿਖਤੀ ਰੂਪ ਵਿੱਚ ਵਾਰ-ਵਾਰ ਦੇਣ ਦੇ ਬਾਵਜੂਦ ਮੰਗਾਂ ਮੰਨਣ ਲਈ ਤਿਆਰ ਨਹੀਂ ਹੈ। ਕਾਰਜ ਸਾਧਕ ਅਫ਼ਸਰ ਨੂੰ ਮੰਗਾਂ ਨਾ ਮੰਨੇ ਜਾਣ ’ਤੇ ਹੜਤਾਲ ਦਾ ਨੋਟਿਸ ਦਿੱਤਾ ਸੀ। ਇਸ ’ਤੇ ਈਓ ਨੇ ਸਟਾਫ ਦੇ ਆਡਿਟ ਵਿੱਚ ਰੁਝੇ ਹੋਣ ਦੀ ਗੱਲ ਕਹਿ ਕੇ ਕੁਝ ਸਮੇਂ ਦੀ ਹੋਰ ਮੰਗ ਕੀਤੀ ਸੀ ਤਾਂ ਯੂਨੀਅਨ ਵੱਲੋਂ ਧਰਨਾ ਚੁੱਕ ਲਿਆ ਗਿਆ ਸੀ। ਚਾਰ ਦਿਨ ਪਹਿਲਾਂ ਧਰਨਾ ਸ਼ੁਰੂ ਕਰਨ ਮੌਕੇ ਫਿਰ ਤਿੰਨ ਦਿਨ ਵਿੱਚ ਮੰਗਾਂ ਮੰਨਣ ਦੇ ਭਰੋਸੇ ਨਾਲ ਧਰਨਾ ਚੁਕਵਾਇਆ ਗਿਆ। ਪ੍ਰੰਤੂ ਇਸ ਸਮੇਂ ਦੌਰਾਨ ਵੀ ਕਿਸੇ ਮੰਗ ’ਤੇ ਕੋਈ ਅਮਲ ਨਹੀਂ ਕੀਤਾ ਗਿਆ। ਇਸ ਕਰਕੇ ਯੂਨੀਅਨ ਅੱਜ ਮੁੜ ਸੰਘਰਸ਼ ਵਿੱਢਣ ਲਈ ਮਜਬੂਰ ਹੋਈ ਹੈ। ਉਨ੍ਹਾਂ ਕਿਹਾ ਕਿ ਹੁਣ ਜਿੰਨੀ ਦੇਰ ਤੱਕ ਹੱਕੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਇਹ ਹੜਤਾਲ ਤੇ ਧਰਨਾ ਇਸੇ ਤਰ੍ਹਾਂ ਨਿਰੰਤਰ ਜਾਰੀ ਰਹੇਗਾ। ਸੰਘਰਸ਼ ਦੇ ਅਗਲੇ ਪੜਾਅ ਵਿੱਚ ਘੜੇ ਭੰਨ ਕੇ ਅਤੇ ਅਰਥੀ ਫੂਕ ਮੁਜ਼ਾਹਰਾ ਕਰਕੇ ਰੋਸ ਪ੍ਰਗਟਾਇਆ ਜਾਵੇਗਾ। ਇਸ ਮੌਕੇ ਸਫਾਈ ਯੂਨੀਅਨ ਦੇ ਸਰਪ੍ਰਸਤ ਸੁਤੰਤਰ ਗਿਲ, ਸੈਕਟਰੀ ਰਜਿੰਦਰ ਕੁਮਾਰ, ਸਤੀਸ਼ ਕੁਮਾਰ, ਪ੍ਰਧਾਨ ਗੋਵਰਧਨ ਗੱਬੀ, ਭੂਸ਼ਨ ਗਿੱਲ, ਪ੍ਰਦੀਪ ਕੁਮਾਰ ਰਾਜੂ, ਰਾਜ ਕੁਮਾਰ, ਕ੍ਰਿਸ਼ਨ ਗੋਪਾਲ, ਸੁਨੀਲ ਕੁਮਾਰ, ਸ਼ਾਮ ਲਾਲ ਚੰਡਾਲੀਆ, ਲਖਵੀਰ ਸਿੰਘ, ਚੇਅਰਮੈਨ ਰਾਜ ਕੁਮਾਰ, ਸੈਕਟਰੀ ਬਲਵਿੰਦਰ ਸਿੰਘ, ਭਗਤ ਸਿੰਘ ਸ਼ਾਮਲ ਹੋਏ। ਇਸ ਮੌਕੇ ਧਰਨਾਕਾਰੀਆਂ ਨੇ ਨਾਅਰੇਬਾਜ਼ੀ ਵੀ ਕੀਤੀ।